ਬਰਤਾਨੀਆ ’ਚ 22ਵੀਆਂ ਰਾਸ਼ਟਰਮੰਡਲ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ

154
ਬਰਮਿੰਘਮ, 29 ਜੁਲਾਈ (ਪੰਜਾਬ ਮੇਲ)- ਬਰਤਾਨੀਆ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਥੇ 22ਵੀਆਂ ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ ਹੋਈ। ਇਸ ਮੌਕੇ ਭਾਰਤੀ ਸ਼ਾਸਤਰੀ ਗਾਇਕਾ ਅਤੇ ਸੰਗੀਤਕਾਰ ਰੰਜਨਾ ਘਟਕ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ। ਇਸ ਦੌਰਾਨ ਲਾਲ, ਚਿੱਟੇ ਅਤੇ ਨੀਲੇ ਰੰਗਾਂ ਦੀਆਂ 70 ਕਾਰਾਂ ਨੇ ਮਿਲ ਕੇ ਬਿ੍ਰਟਿਸ਼ ਝੰਡਾ ‘ਯੂਨੀਅਨ ਜੈਕ’ ਬਣਾਇਆ। ਰਾਸ਼ਟਰਮੰਡਲ ਖੇਡਾਂ ਦੀ ਰਵਾਇਤ ਮੁਤਾਬਕ ਖਿਡਾਰੀਆਂ ਦੀ ਪਰੇਡ ਦੌਰਾਨ ਪਿਛਲੀ ਵਾਰ ਖੇਡਾਂ ਦਾ ਮੇਜ਼ਬਾਨ ਆਸਟਰੇਲੀਆ ਪਹਿਲਾਂ ਆਇਆ। ਉਸ ਤੋਂ ਬਾਅਦ ਹੋਰ ਦੇਸ਼ਾਂ ਨੇ ਸਟੇਡੀਅਮ ਵਿਚ ਦਾਖਲਾ ਪਾਇਆ।
2010 ਦੀਆਂ ਖੇਡਾਂ ਦੇ ਮੇਜ਼ਬਾਨ ਭਾਰਤ ਦਾ ਜਦੋਂ ਨੰਬਰ ਆਇਆ, ਤਾਂ ਲੋਕਾਂ ਨੇ ਤਾੜੀਆਂ ਨਾਲ ਖਿਡਾਰੀਆਂ ਦਾ ਸਵਾਗਤ ਕੀਤਾ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ.ਵੀ. ਸਿੰਧੂ ਅਤੇ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਭਾਰਤੀ ਦਲ ਦੀ ਅਗਵਾਈ ਕੀਤੀ।