ਬਰਤਾਨਵੀ ਯੂਨੀਵਰਸਿਟੀ ‘ਚ 770 ਵਿਦਿਆਰਥੀ ਹੋਏ ਕੋਰੋਨਾ ਦੇ ਸ਼ਿਕਾਰ

358
Share

ਗਲਾਸਗੋ, 8 ਅਕਤੂਬਰ (ਪੰਜਾਬ ਮੇਲ)-ਵਿਸ਼ਵ ਭਰ ਦੇ ਵਿਦਿਆਰਥੀਆਂ ਲਈ ਯੂ.ਕੇ. ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪਸੰਦੀਦਾ ਸਥਾਨ ਬਣ ਰਿਹਾ ਹੈ। ਇਥੇ ਬਹੁਤ ਸਾਰੀਆਂ ਨਾਮੀ ਯੂਨੀਵਰਸਿਟੀਆਂ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ ਪਰ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਯੂਨੀਵਰਸਿਟੀਆਂ ‘ਤੇ ਆਪਣਾ ਕਹਿਰ ਢਾਹ ਰਹੀ ਹੈ।
ਵਾਇਰਸ ਦੀ ਲਾਗ ਦੇ ਸਿਲਸਿਲੇ ਵਿਚ ਹੁਣ ਨੌਰਥਮਬਰੀਆ ਯੂਨੀਵਰਸਿਟੀ ਵਿਚ 770 ਵਿਦਿਆਰਥੀ ਕੋਰੋਨਾ ਦਾ ਸ਼ਿਕਾਰ ਹੋਏ ਹਨ। ਯੂ. ਕੇ. ਦੀਆਂ ਯੂਨੀਵਰਸਿਟੀਆਂ ਵਿਚ ਇਹ ਸਭ ਤੋਂ ਵੱਡਾ ਲਾਗ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਸਾਰੇ 770 ਵਿਦਿਆਰਥੀ ਇਕ ਹਫ਼ਤੇ ਵਿਚ ਲਾਗ ਲੱਗਣ ਤੋਂ ਬਾਅਦ ਇਕਾਂਤਵਾਸ ਵਿਚ ਹਨ। ਉਨ੍ਹਾਂ ਵਿਚੋਂ ਸਿਰਫ 78 ਵਿਦਿਆਰਥੀ ਲੱਛਣ ਦਿਖਾ ਰਹੇ ਹਨ। ਉਨ੍ਹਾਂ ਦੇ ਸਾਥੀ ਅਤੇ ਕੋਈ ਨੇੜਲੇ ਸੰਪਰਕ ਵਾਲੇ ਵੀ ਸਰਕਾਰੀ ਹਦਾਇਤਾਂ ਮੁਤਾਬਕ, 14 ਦਿਨਾਂ ਲਈ ਖੁਦ ਨੂੰ ਇਕਾਂਤਵਾਸ ਕਰ ਰਹੇ ਹਨ।
ਇਸ ਸਬੰਧੀ ਕੀਤੇ ਸਰਵੇਖਣ ਦੌਰਾਨ ਸਾਹਮਣੇ ਆਇਆ ਹੈ ਕਿ ਯੂ.ਕੇ. ਦੀਆਂ ਘੱਟੋ-ਘੱਟ 56 ਯੂਨੀਵਰਸਿਟੀਆਂ ਨੇ ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਵਿਚ ਲਗਭਗ 2500 ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿਚ ਮਾਨਚੈਸਟਰ, ਮੈਟਰੋਪੋਲੀਟਨ ਅਤੇ ਗਲਾਸਗੋ ਯੂਨੀਵਰਸਿਟੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ੈਫੀਲਡ ਯੂਨੀਵਰਸਿਟੀ ਵਿਖੇ 200 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਲਿਵਰਪੂਲ ਯੂਨੀਵਰਸਿਟੀ ਦੇ 177 ਸਟਾਫ ਅਤੇ ਵਿਦਿਆਰਥੀਆਂ ਨੇ ਸਾਕਾਰਾਤਮਕ ਟੈਸਟ ਕੀਤੇ ਹਨ।


Share