ਲੰਡਨ, 24 ਜੁਲਾਈ (ਪੰਜਾਬ ਮੇਲ)-ਬਰਤਾਨੀਆ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਵਿੰਡਰਸ਼ ਕਾਂਡ ਤੋਂ ਸਬਕ ਲੈ ਕੇ ਆਪਣੇ ਵਿਭਾਗ ਦੀ ਸੰਸਕ੍ਰਿਤੀ ਬਦਲਣ ਦਾ ਵਾਅਦਾ ਕੀਤਾ ਹੈ, ਜੋ ਦੇਸ਼ ਦਾ ਵੀਜ਼ਾ ਜਾਰੀ ਕਰਨ ਲਈ ਜ਼ਿੰਮੇਵਾਰ ਹੈ। ਵਿੰਡਰਸ਼ ਕਾਂਡ ‘ਚ ਰਾਸ਼ਟਰੀ ਮੰਡਲ ਦੇਸ਼ਾਂ ਦੇ ਹਜ਼ਾਰਾਂ ਪ੍ਰਵਾਸੀਆਂ ਨੂੰ ਗ਼ਲਤ ਤਰੀਕੇ ਨਾਲ ਬਰਤਾਨੀਆ ‘ਚ ਨਾਗਰਿਕਤਾ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਸੀ। ਨਵੇਂ ਨਿਯਮਾਂ ਤਹਿਤ ਗ੍ਰਹਿ ਵਿਭਾਗ ‘ਚ ਕੰਮ ਕਰਨ ਵਾਲੇ ਹਰੇਕ ਵਿਅਕਤੀ ਨੂੰ ਸਿਖਲਾਈ ਦਿੱਤੀ ਜਾਵੇਗੀ ਤਾਂ ਕਿ ਉਹ ਦੇਸ਼ ‘ਚ ਪ੍ਰਵਾਸ ਤੇ ਨਸਲਵਾਦ ਦੇ ਇਤਿਹਾਸ ਨੂੰ ਸਮਝ ਸਕਣ। ਗ੍ਰਹਿ ਵਿਭਾਗ ‘ਚ ਕੰਮ ਕਰਨ ਵਾਲੇ ਹਰੇਕ ਮੌਜੂਦਾ ਤੇ ਨਵੇਂ ਮੈਂਬਰ ਨੂੰ ਇਹ ਜਾਣਕਾਰੀ ਹਾਸਲ ਕਰਨਾ ਜ਼ਰੂਰੀ ਹੋਵੇਗਾ। ਪ੍ਰੀਤੀ ਪਟੇਲ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਵਿੰਡਰਸ਼ ਪੀੜ੍ਹੀ ਦੇ ਮਨ ‘ਚ ਇਸ ਗੱਲ ਦਾ ਕੋਈ ਸ਼ੱਕ ਨਾ ਰਹੇ ਕਿ ਉਹ ਵਿਭਾਗ ਦੀ ਸੰਸਕ੍ਰਿਤੀ ‘ਚ ਸੁਧਾਰ ਕਰੇਗੀ ਤਾਂ ਕਿ ਇਹ ਸਾਰੇ ਮੈਂਬਰਾਂ ਦਾ ਬਿਹਤਰ ਬਚਾਅ ਕਰ ਸਕੇ। ਵਿੰਡਰਸ਼ ਪੀੜ੍ਹੀ ਦਾ ਸਬੰਧ ਉਨ੍ਹਾਂ ਨਾਗਰਿਕਾਂ ਨਾਲ ਹੈ ਜੋ 1973 ਤੋਂ ਪਹਿਲਾਂ ਬਰਤਾਨੀਆ ਆਏ ਸਨ।