ਬਰਗਾੜੀ ਬੇਅਦਬੀ ਤੇ ਬਹਿਬਲ ਗੋਲੀਕਾਂਡ ਮਾਮਲਾ; ਮੁਕੱਦਮਿਆਂ ਦੇ ਤੁਰੰਤ ਫ਼ੈਸਲੇ ਲਈ ਫਾਸਟ ਟਰੈਕ ਅਦਾਲਤਾਂ ਬਣਾਉਣ ਦੀ ਮੰਗ

486
Share

ਜਲੰਧਰ, 29 ਮਾਰਚ (ਪੰਜਾਬ ਮੇਲ)-ਬਰਗਾੜੀ ’ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਜਿਸ ’ਚ ਸ਼ਾਂਤਮਈ ਢੰਗ ਨਾਲ ਗੁਰਬਾਣੀ ਦਾ ਜਾਪ ਕਰ ਰਹੀ ਸੰਗਤ ’ਤੇ ਗੋਲੀਆਂ ਚਲਾਈਆਂ ਗਈਆਂ ਸਨ, ’ਚੋਂ ਦੋ ਨਿਹੱਥੇ ਸਿੰਘ ਸ਼ਹੀਦ ਹੋ ਗਏ ਸਨ, ਦੀ ਜਾਂਚ ਮੁਕੰਮਲ ਹੋ ਗਈ ਹੈ ਤੇ ਚਲਾਨ ਅਦਾਲਤਾਂ ਵਿਚ ਦੇ ਦਿੱਤੇ ਗਏ ਹਨ। ਉਸ ਦੇ ਮੁਕੱਦਮਿਆਂ ਦੇ ਤੁਰੰਤ ਫ਼ੈਸਲੇ ਲਈ ਫਾਸਟ ਟਰੈਕ ਅਦਾਲਤਾਂ ਬਣਾਈਆਂ ਜਾਣ, ਤਾਂ ਕਿ ਦੋਸ਼ੀਆਂ ਨੂੰ ਜਲਦ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਸਕਣ, ਇਹ ਮੰਗ ਕਰਦਿਆਂ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤੇਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਪਰਮਿੰਦਰ ਸਿੰਘ ਦਸਮੇਸ਼ ਨਗਰ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ ਤੇ ਹਰਜੋਤ ਸਿੰਘ ਲੱਕੀ ਨੇ ਇਕ ਸਾਂਝੇ ਬਿਆਨ ਰਾਹੀਂ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਜਿਸ ਢੰਗ ਨਾਲ ਉਨ੍ਹਾਂ ਨੇ ਸਾਰੇ ਕਾਂਡ ਦੀ ਜਾਂਚ ਕੀਤੀ ਹੈ ਉਸ ਦੀ ਸਭ ਨੂੰ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਉਕਤ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਧਮਕੀਆਂ ਦਿੱਤੀਆਂ ਗਈਆਂ, ਉਸ ਦੀ ਉੱਚ ਪੱਧਰ ’ਤੇ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਕਿ ਕੋਈ ਵੀ ਇਮਾਨਦਾਰ ਅਫ਼ਸਰ ਨੂੰ ਕੰਮ ਕਰਨ ’ਚ ਵਿਘਨ ਨਾ ਪਾ ਸਕੇ।

Share