ਬਰਗਾੜੀ ਬੇਅਦਬੀ ਕਾਂਡ: ਵਿਸ਼ੇਸ਼ ਜਾਂਚ ਟੀਮ ਵੱਲੋਂ 8 ਡੇਰਾ ਪ੍ਰੇਮੀਆਂ ਖ਼ਿਲਾਫ਼ ਚਲਾਨ ਪੇਸ਼

166
Share

-ਚਾਰ ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ
ਫ਼ਰੀਦਕੋਟ, 21 ਜੁਲਾਈ (ਪੰਜਾਬ ਮੇਲ)- ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਬਰਗਾੜੀ ਬੇਅਦਬੀ ਕਾਂਡ ’ਚ 8 ਡੇਰਾ ਪ੍ਰੇਮੀਆਂ ਖਿਲਾਫ਼ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ। ਡੇਰਾ ਪ੍ਰੇਮੀਆਂ ਉੱਪਰ ਦੋਸ਼ ਹੈ ਕਿ ਉਨ੍ਹਾਂ ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਚੋਰੀ ਕਰਕੇ 24 ਸਤੰਬਰ 2015 ਨੂੰ ਪਿੰਡ ਬਰਗਾੜੀ ਵਿਚ ਇਤਰਾਜ਼ਯੋਗ ਪੋਸਟਰ ਲਾਏ ਸਨ, ਜਿਨ੍ਹਾਂ ਵਿਚ ਗੁਰੂ ਗ੍ਰੰਥ ਸਾਹਿਬ ਬਾਰੇ ਇਤਰਾਜ਼ਯੋਗ ਭਾਸ਼ਾ ਵਰਤੀ ਗਈ ਸੀ। ਜਾਂਚ ਟੀਮ ਨੇ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਹਰਸ਼ ਧੁਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਖ਼ਿਲਾਫ਼ ਚਲਾਨ ਪੇਸ਼ ਕੀਤਾ। ਜਾਂਚ ਟੀਮ ਨੇ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਆਗੂ ਮਹਿੰਦਰਪਾਲ ਬਿੱਟੂ ਖ਼ਿਲਾਫ਼ ਵੀ ਚਲਾਨ ਪੇਸ਼ ਕੀਤਾ ਹੈ। ਹਾਲਾਂਕਿ ਬਿੱਟੂ ਦਾ ਤਿੰਨ ਸਾਲ ਪਹਿਲਾਂ ਨਾਭਾ ਜੇਲ੍ਹ ਵਿਚ ਕਤਲ ਹੋ ਗਿਆ ਸੀ। ਡੇਰੇ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਅਜੇ ਤੱਕ ਗਿ੍ਰਫ਼ਤਾਰ ਨਹੀਂ ਕੀਤੇ ਜਾ ਸਕੇ ਅਤੇ ਇਨ੍ਹਾਂ ਖਿਲਾਫ਼ ਅਦਾਲਤ ਨੇ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਇੱਕ ਦਿਨ ਪਹਿਲਾਂ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੋਸਟਰ ਦੀ ਲਿਖਾਈ ਦੇ ਮਿਲਾਣ ਸਬੰਧੀ ਪਟੀਸ਼ਨ ਰੱਦ ਕੀਤੀ ਸੀ। ਚਲਾਨ ਪੇਸ਼ ਹੋਣ ਤੋਂ ਬਾਅਦ ਜੁਡੀਸ਼ਲ ਮੈਜਿਸਟਰੇਟ ਮਿਸ ਤ੍ਰਜਨੀ ਨੇ ਇਸ ਮਾਮਲੇ ਦੀ ਸੁਣਵਾਈ 3 ਅਗਸਤ ’ਤੇ ਪਾ ਦਿੱਤੀ ਹੈ। ਉਨ੍ਹਾਂ ਨਾਲ ਹੀ ਜੇਲ੍ਹ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਸਾਰੇ ਮੁਲਜ਼ਮਾਂ ਨੂੰ ਇਸ ਦਿਨ ਅਦਾਲਤ ’ਚ ਪੇਸ਼ ਕੀਤਾ ਜਾਵੇ। ਪੇਸ਼ ਕੀਤੇ ਚਲਾਨ ਵਿਚ ਜਾਂਚ ਟੀਮ ਨੇ ਵਿਵਾਦਤ ਪੋਸਟਰ ਅਦਾਲਤ ਵਿਚ ਪੇਸ਼ ਨਹੀ ਕੀਤਾ।
ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ ’ਚ ਇੱਥੋਂ ਦੀ ਜੁਡੀਸ਼ਲ ਮੈਜਿਸਟਰੇਟ ਮਿਸ ਤਰਜਨੀ ਨੇ ਚਾਰ ਡੇਰਾ ਪ੍ਰੇਮੀਆਂ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਰਣਜੀਤ ਸਿੰਘ ਅਤੇ ਬਲਜੀਤ ਸਿੰਘ ਨੂੰ 16 ਮਈ ਨੂੰ ਗਿ੍ਰਫ਼ਤਾਰ ਕੀਤਾ ਸੀ। ਜਾਂਚ ਟੀਮ ਇਨ੍ਹਾਂ ਸਾਰੇ ਡੇਰਾ ਪ੍ਰੇਮੀਆਂ ਖਿਲਾਫ਼ ਅਦਾਲਤ ਵਿਚ ਚਲਾਨ ਵੀ ਪੇਸ਼ ਕਰ ਚੁੱਕੀ ਹੈ। ਐਡਵੋਕੇਟ ਵਿਨੋਦ ਕੁਮਾਰ ਮੌਂਗਾ ਨੇ ਅਦਾਲਤ ਨੂੰ ਦੱਸਿਆ ਕਿ ਇਨ੍ਹਾਂ ਦਾ ਬੇਅਦਬੀ ਦੀ ਘਟਨਾ ਨਾਲ ਕੋਈ ਸੰਬੰਧ ਬਾਕੀ ਨਹੀਂ ਹੈ, ਉਨ੍ਹਾਂ ਨੂੰ ਸਿਆਸੀ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਡੇਰਾ ਪ੍ਰੇਮੀ ਬਾਹਰ ਆਉਣ ਮਗਰੋਂ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਅਦਾਲਤ ਨੇ ਡੇਰਾ ਪ੍ਰੇਮੀਆਂ ਨੂੰ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ। ਦੱਸਣਯੋਗ ਹੈ ਕਿ 12 ਅਕਤੂਬਰ 2015 ਨੂੰ ਪਿੰਡ ਬਗਰਾੜੀ ਦੀਆਂ ਗਲੀਆਂ ’ਚ ਗੁਰੂ ਗ੍ਰੰਥ ਸਾਹਿਬ ਦੇ 150 ਫਟੇ ਹੋਏ ਪੰਨੇ ਮਿਲੇ ਸਨ।

Share