ਬਠਿੰਡਾ ਥਰਮਲ ਪਲਾਂਟ – ਭੂ-ਮਾਫੀਆ ਦੀ ਥਾਂ ਪੇਡਾ ਦੀ ਪੇਸ਼ਕਸ਼ ‘ਤੇ ਅਮਲ ਕਰੇ ਸਰਕਾਰ-ਅਮਨ ਅਰੋੜਾ

623

-ਪੇਡਾ ਵੱਲੋਂ ਬਠਿੰਡਾ ਥਰਮਲ ‘ਚ ਸੋਲਰ ਪਾਵਰ ਪਲਾਂਟ ਲਾਉਣ ਦੀ ਪੇਸ਼ਕਸ਼ ਦੀ ‘ਆਪ’ ਨੇ ਕੀਤੀ ਹਮਾਇਤ
-ਮੀਡੀਆ ਰਾਹੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਨੂੰ ਮੁਖ਼ਾਤਬ ਹੋਏ ‘ਆਪ’ ਦੇ ਵਿਧਾਇਕ
ਚੰਡੀਗੜ੍ਹ, 10 ਸਤੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀ ਖ਼ਾਲੀ ਪਈ ਜ਼ਮੀਨ ਉੱਤੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਸੋਲਰ ਪਾਵਰ ਪਲਾਂਟ ਲਾਉਣ ਦੀ ਪੇਸ਼ਕਸ਼ ਦੀ ਜ਼ੋਰਦਾਰ ਹਮਾਇਤ ਕੀਤੀ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ, ਪ੍ਰੋ. ਬਲਜਿੰਦਰ ਕੌਰ, ਮੀਤ ਹੇਅਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਪੀਐਸਈਵੀ ਇੰਜੀਨੀਅਰ ਐਸੋਸੀਏਸ਼ਨ ਨੇ ਬਠਿੰਡਾ ਥਰਮਲ ਪਲਾਂਟ ਦੀ ਰਾਖ ਸੁੱਟਣ ਵਾਲੀ ਖ਼ਾਲੀ ਪਈ ਸੈਂਕੜੇ ਏਕੜ ਜ਼ਮੀਨ ‘ਤੇ ਸਰਕਾਰੀ ਸੋਲਰ ਪਾਵਰ ਪਲਾਂਟ ਲਗਾਉਣ ਦੀ ਤਜਵੀਜ਼ ਉੱਪਰ ਪੇਡਾ ਨੇ ਸਹੀ ਦਿਸ਼ਾ ਵੱਲ ਕਦਮ ਚੁੱਕਿਆ ਹੈ, ਪਰ ਹੁਣ ਦੇਖਣਾ ਇਹ ਹੋਵੇਗਾ ਕਿ ਬਠਿੰਡਾ ਥਰਮਲ ਪਲਾਂਟ ਨੂੰ ਢਾਹ ਕੇ ਇਸ ਦੀ ਸੈਂਕੜੇ ਏਕੜ ਜ਼ਮੀਨ ਆਪਣੇ ਚਹੇਤੇ ਭੂ-ਮਾਫੀਆ ਨੂੰ ਕੌਡੀਆਂ ਦੇ ਭਾਅ ਵੇਚਣ ਨੂੰ ਕਾਹਲੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੀ ਕਦਮ ਚੁੱਕਦੇ ਹਨ।
‘ਆਪ’ ਵਿਧਾਇਕਾਂ ਨੇ ਕਿਹਾ ਕਿ ਜਿਸ ਤਰਾਂ ਪਿਛਲੀ ਸਰਕਾਰ ਦੌਰਾਨ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਨੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਸਾਂਝ-ਭਿਆਲੀ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਅਤੇ ਬਠਿੰਡਾ ਦੀ ਸ਼ਾਨ ਇਸ ਥਰਮਲ ਪਲਾਂਟ ਦੀ ਬਲੀ ਲੈ ਲਈ। ਸੁਖਬੀਰ ਸਿੰਘ ਬਾਦਲ ਤੋਂ ਦੋ ਕਦਮ ਅੱਗੇ ਜਾਂਦਿਆਂ ਮਨਪ੍ਰੀਤ ਸਿੰਘ ਬਾਦਲ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਦੀ ਜ਼ਮੀਨ ‘ਤੇ ਹੀ ਅੱਖ ਰੱਖ ਲਈ ਹੈ। ਇਹੋ ਕਾਰਨ ਹੈ ਕਿ ਸਰਕਾਰ ਬਠਿੰਡਾ ਥਰਮਲ ਪਲਾਂਟ ਦੇ ਬੋਰਡ ਆਫ਼ ਡਾਇਰੈਕਟਰਜ਼ (ਬੀਓਡੀਜ਼) ਵੱਲੋਂ ਇਸ ਦੇ ਯੂਨਿਟਾਂ ਨੂੰ ਢਾਹੁਣ ਦੀ ਥਾਂ ਪਰਾਲੀ ‘ਤੇ ਚਲਾਉਣ ਦੀ ਪੇਸ਼ਕਸ਼ ਵੀ ਰੱਦੀ ਦੀ ਟੋਕਰੀ ‘ਚ ਸੁੱਟ ਦਿੱਤੀ, ਜਦਕਿ ਪਰਾਲੀ ਪ੍ਰੋਜੈਕਟ ਬਾਰੇ ਕੇਂਦਰ ਸਰਕਾਰ ਨੇ ਵੀ ਵਿੱਤੀ ਮਦਦ ਦੀ ਹਾਮੀ ਭਰੀ ਸੀ।
‘ਆਪ’ ਆਗੂਆਂ ਨੇ ਕਿਹਾ ਕਿ ਹੁਣ ਜੇਕਰ ਇੰਜੀਨੀਅਰ ਐਸੋਸੀਏਸ਼ਨ ਦੀ ਤਜਵੀਜ਼ ਪ੍ਰਤੀ ਪੇਡਾ ਨੇ ਦਿਲਚਸਪੀ ਦਿਖਾਈ ਹੈ ਤਾਂ ਅਮਰਿੰਦਰ ਸਿੰਘ ਸਰਕਾਰ ਹਰ ਹੀਲੇ ਇਸ ਤਜਵੀਜ਼ ਨੂੰ ਅਮਲੀ ਰੂਪ ਦੇਵੇ।
‘ਆਪ’ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਅਜੇ ਵੀ ਬਠਿੰਡਾ ਥਰਮਲ ਪਲਾਂਟ ਨੂੰ ਮਲੀਆਮੇਟ ਕਰਨ ਦੀ ਜ਼ਿੱਦ ‘ਤੇ ਅੜੀ ਰਹੀ ਤਾਂ ਪੰਜਾਬ ਦੇ ਲੋਕਾਂ ਨੇ ਰਾਜਾ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਕਦੇ ਮੁਆਫ਼ ਨਹੀਂ ਕਰਨਾ।