ਬਜਟ ਇਜਲਾਸ ਦੇ ਪੰਜਵੇਂ ਦਿਨ ਸਿਫਰ ਕਾਲ ਦੌਰਾਨ ਕੁੰਵਰ ਵਿਜੈ ਪ੍ਰਤਾਪ ਨੇ ਆਪਣੀ ਹੀ ਸਰਕਾਰ ਘੇਰੀ

44
Share

ਚੰਡੀਗੜ੍ਹ, 30 ਜੂਨ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪੰਜਵੇਂ ਦਿਨ ਸਿਫਰ ਕਾਲ ਦੌਰਾਨ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ’ਤੇ ਉਂਗਲ ਉਠਾ ਦਿੱਤੀ। ਉਨ੍ਹਾਂ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮਿ੍ਰਤਸਰ ਪੁਲਿਸ ਵੱਲੋਂ ਦਿੱਤੇ ਜਾ ਰਹੇ ਵੀ.ਆਈ.ਪੀ. ਟਰੀਟਮੈਂਟ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਟਰਾਂਜ਼ਿਟ ਰਿਮਾਂਡ ਲੈਣ ਮਗਰੋਂ ਅੰਮਿ੍ਰਤਸਰ ਵਿਚ ਲਾਰੈਂਸ ਬਿਸ਼ਨੋਈ ਨਾਲ ਤਾਇਨਾਤ ਪੁਲਿਸ ’ਤੇ ਵੀ.ਆਈ.ਪੀ. ਡਿਊਟੀ ਦਾ ਟੈਗ ਲਾਇਆ ਜਾ ਰਿਹਾ ਹੈ, ਉਹ ਜਵਾਨੀ ਲਈ ਠੀਕ ਨਹੀਂ। ਵਿਰੋਧੀ ਧਿਰ ਵੱਲੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਉਠਾਏ ਮੁੱਦੇ ’ਤੇ ਮੇਜ ਥਪਥਪਾਏ ਗਏ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਵੀ.ਆਈ.ਪੀ. ਡਿਊਟੀ ਦੀ ਪੁਰਾਣੀ ਪ੍ਰਥਾ ਚੱਲੀ ਆ ਰਹੀ ਹੈ, ਜੋ ਕਿ ਹੁਣ ਬੰਦ ਹੋਣੀ ਚਾਹੀਦੀ ਹੈ। ਵਿਧਾਇਕ ਨੇ ਆਪਣੇ ਹਲਕੇ ਦੇ ਪੀਣ ਵਾਲੇ ਪਾਣੀ ਦਾ ਮੁੱਦਾ ਵੀ ਚੁੱਕਿਆ। ਸਿਰਫ ਕਾਲ ਵਿਚ ਵਿਧਾਇਕ ਜੈ ਕਿਸ਼ਨ ਰੋੜੀ ਨੇ ਵੀ ਪੀਣ ਵਾਲੇ ਪਾਣੀ ਦੀ ਗੱਲ ਰੱਖੀ। ਵਿਧਾਇਕ ਮਨਜੀਤ ਬਿਲਾਸਪੁਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਦੀਨਾ ਸਾਹਿਬ ਨੂੰ ਧਾਰਮਿਕ ਟੂਰਿਜ਼ਮ ਵਜੋਂ ਵਿਕਸਿਤ ਕਰਨ ਦੀ ਮੰਗ ਰੱਖੀ। ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਧਾਰ ਕਲਾਂ ਬਲਾਕ ਵਿਚ ਹਾਈ ਕੋਰਟ ਦੇ ਫੈਸਲੇ ਦੀ ਆੜ ਵਿਚ ਜੰਗਲਾਤ ਵਿਭਾਗ ਵੱਲੋਂ ਗਰੀਬ ਲੋਕਾਂ ਤੋਂ ਮਾਲਕਾਨਾ ਹੱਕ ਖੋਹ ਕੇ ਜੰਗਲਾਤ ਦੇ ਨਾਂ ’ਤੇ ਗਿਰਦਾਵਰੀਆਂ ਕੀਤੇ ਜਾਣ ਦੇ ਮੁੱਦਾ ਚੁੱਕਿਆ।
ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਆਪਣੀ ਬਰਾਦਰੀ ਦੀ ਗੱਲ ਕੀਤੀ। ਵਿਧਾਇਕ ਅਮਨ ਅਰੋੜਾ ਨੇ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ ਸ਼ੁਰੂ ਕੀਤੀ ਬੱਸ ਸੇਵਾ ਬਾਰੇ ਕਾਨੂੰਨੀ ਜਾਣਕਾਰੀ ਦਿੱਤੀ, ਜਦੋਂ ਕਿ ਪ੍ਰਤਾਪ ਬਾਜਵਾ ਨੇ ਕਾਂਗਰਸ ਸਰਕਾਰ ਵੱਲੋਂ ਲਿਖੇ ਪੱਤਰਾਂ ਦਾ ਵੇਰਵਾ ਦਿੱਤਾ। ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸ਼ਗਨ ਸਕੀਮ ਦੀ ਗੱਲ ਕਰਦਿਆਂ ਕਿਹਾ ਕਿ ਬਹੁਤੇ ਸਾਰੀਆਂ ਵਿਆਹੁਤਾ ਲੜਕੀਆਂ ਸ਼ਗਨ ਸਕੀਮ ਤੋਂ ਵਾਂਝੀਆਂ ਰਹਿ ਗਈਆਂ ਹਨ ਕਿਉਂਕਿ ਪਟਵਾਰੀ ਇਸ ਨੂੰ ਤਸਦੀਕ ਕਰਦਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਕੇਸਾਂ ’ਤੇ ਮੁੜ ਵਿਚਾਰ ਕੀਤਾ ਜਾਵੇ। ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ ਨੇ ਮੰਗ ਉਠਾਈ ਕਿ ਪੁਰਸ਼ਾਂ ਲਈ ਬੁਢਾਪਾ ਪੈਨਸ਼ਨ ਦੀ ਉਮਰ ਹੱਦ 65 ਸਾਲ ਤੋਂ ਘਟਾ ਕੇ 50 ਸਾਲ ਕੀਤੀ ਜਾਵੇ ਅਤੇ ਉਮਰ ਦੀ ਤਸਦੀਕ ਡਾਕਟਰਾਂ ਦੇ ਬੋਰਡ ਤੋਂ ਕਰਵਾਈ ਜਾਵੇ।
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ‘ਆਪ’ ਨੂੰ ਚੇਤੇ ਕਰਵਾਇਆ ਕਿ ਗੱਠਜੋੜ ਸਰਕਾਰ ਸਮੇਂ ਹੋਏ ਬਿਜਲੀ ਸਮਝੌਤੇ ਹੁਣ ਕੀਤੇ ਚੋਣ ਵਾਅਦੇ ਮੁਤਾਬਕ ਸਰਕਾਰ ਰੱਦ ਕਰੇ। ਉਨ੍ਹਾਂ ਹਵਾਲਾ ਦਿੱਤਾ ਕਿ ਅਮਨ ਅਰੋੜਾ ਵੱਲੋਂ ਸਮਝੌਤੇ ਰੱਦ ਹੋਣ ਨਾਲ 70 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਣ ਦੀ ਗੱਲ ਆਖੀ ਗਈ ਸੀ।

Share