ਬਚਪਨ ਤੋਂ ਗੈਰ ਕਾਨੂੰਨੀ ਤੌਰ ’ਤੇ ਅਮਰੀਕਾ ਰਹੇ ਲੋਕਾਂ ਲਈ ਅਮਰੀਕੀ ਨਾਗਰਿਕਤਾ ਹਾਸਲ ਕਰਨਾ ਹੋਵੇਗਾ ਆਸਾਨ

525
Share

-ਹਾਊਸ ਆਫ ਰਿਪ੍ਰੈਜ਼ੈਂਟੇਟਿਵ ਵੱਲੋਂ ਪਾਸ ਕੀਤਾ ਗਿਆ ਨਵਾਂ ਬਿੱਲ
-5 ਲੱਖ ਦੇ ਕਰੀਬ ਭਾਰਤੀ ਲੋਕਾਂ ਨੂੰ ਹੋਵੇਗਾ ਲਾਭ
ਵਾਸ਼ਿੰਗਟਨ, 20 ਮਾਰਚ (ਪੰਜਾਬ ਮੇਲ)- ਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰੈਜੇਂਟੇਟਿਵ ਨੇ ਇਕ ਅਜਿਹਾ ਬਿੱਲ ਪਾਸ ਕੀਤਾ ਹੈ, ਜਿਸ ਮੁਤਾਬਕ ਬਚਪਨ ਤੋਂ ਗੈਰ-ਕਾਨੂੰਨੀ ਰੂਪ ਨਾਲ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀ ਲੋਕਾਂ ਲਈ ਨਾਗਰਿਕਤਾ ਹਾਸਲ ਕਰਨਾ ਆਸਾਨ ਹੋ ਜਾਏਗਾ। ਇਸ ਨਾਲ ਕਰੀਬ 5 ਲੱਖ ਲੋਕਾਂ ਨੂੰ ਫ਼ਾਇਦਾ ਹੋਵੇਗਾ।
ਹਾਊਸ ਆਫ ਰਿਪ੍ਰੇਜ਼ੈਂਟੇਟਿਵ ਨੇ ਅਮਰੀਕਨ ਡ੍ਰੀਮ ਐਂਡ ਪ੍ਰੋਮਿਸ ਐਕਟ ਨੂੰ 228-197 ਵੋਟਾਂ ਦੇ ਅੰਤਰ ਨਾਲ ਪਾਸ ਕਰ ਦਿੱਤਾ ਅਤੇ ਉਸ ਨੂੰ ਸੈਨੇਟ ਦੇ ਵਿਚਾਰ ਲਈ ਭੇਜ ਦਿੱਤਾ ਗਿਆ ਹੈ। ਇਸ ਬਿੱਲ ਨਾਲ ਅਜਿਹੇ ਲੋਕਾਂ ਲਈ ਵੀ ਨਾਗਰਿਕਤਾ ਹਾਸਲ ਕਰਨਾ ਆਸਾਨ ਹੋ ਜਾਵੇਗਾ, ਜਿਨ੍ਹਾਂ ਨੂੰ ਕਾਨੂੰਨੀ ਨਿਗਰਾਨੀ ਵਿਚ ਰਹਿਣਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਦੀ ਗੱਲ ਵੀ ਚੱਲਦੀ ਰਹਿੰਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਬਿੱਲ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਾਂਗਰਸ ਇਸ ਬਿੱਲ ਨੂੰ ਪਾਸ ਕਰ ਦੇਵੇ, ਜਿਸ ਨਾਲ ਕਰੀਬ 1.1 ਕਰੋੜ ਪ੍ਰਵਾਸੀਆਂ ਨੂੰ ਦੇਸ਼ ਦੀ ਨਾਗਰਿਕਤਾ ਮਿਲਣ ਦਾ ਰਸਤਾ ਸਾਫ਼ ਹੋ ਜਾਏਗਾ।
ਇਸ ਨੂੰ ਅਮਰੀਕਾ ਦੇ ਇਮੀਗ੍ਰੇਸ਼ਨ ਸੁਧਾਰ ਦੀ ਦਿਸ਼ਾ ਵਿਚ ਵੱਡਾ ਕਦਮ ਦੱਸਿਆ ਜਾ ਰਿਹਾ ਹੈ। ਦਰਅਸਲ ਅਮਰੀਕਾ ’ਚ ਕਾਨੂੰਨੀ ਦਰਜੇ ਦੇ ਬਿਨ੍ਹਾਂ ਰਹਿ ਰਹੇ ਲੋਕਾਂ ਦੀ ਸੰਖਿਆ 1 ਕਰੋੜ 10 ਲੱਖ ਦੇ ਕਰੀਬ ਹੈ ਅਤੇ ਇਸ ਨਵੇਂ ਕਾਨੂੰਨ ਦੇ ਪ੍ਰਭਾਵ ਵਿਚ ਆਉਣ ਨਾਲ ਇਨ੍ਹਾਂ ਦੀ ਨਾਗਰਿਕਤਾ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ। ਇਸ ਕਾਨੂੰਨ ਨਾਲ ਸਿੱਧੇ ਤੌਰ ’ਤੇ ਭਾਰਤ ਦੇ ਕਰੀਬ 5 ਲੱਖ ਲੋਕਾਂ ਨੂੰ ਫ਼ਾਇਦਾ ਹੋਵੇਗਾ।
ਜੋਅ ਬਾਇਡਨ ਨੇ ਕਿਹਾ ਕਿ ਉਹ ਇਸ ਬਿੱਲ ਦਾ ਸਮਰਥਨ ਕਰਦੇ ਹਨ ਅਤੇ ਇਸ ਮਹੱਤਵਪੂਰਨ ਕਾਨੂੰਨ ਨੂੰ ਪਾਸ ਕਰਨ ਲਈ ਪ੍ਰਤੀਨਿਧੀ ਸਭਾ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਅਸਥਾਈ ਸੁਰੱਖਿਅਤ ਸਥਿਤੀ (ਟੀ.ਪੀ.ਐੱਸ.) ਧਾਰਕਾਂ ਅਤੇ ਇੱਥੇ ਰਹਿਣ ਵਾਲੇ ਪ੍ਰਵਾਸੀਆਂ ਅਤੇ ਬਚਪਨ ’ਚ ਹੀ ਅਮਰੀਕਾ ਆਏ ਨੌਜਵਾਨਾਂ ਨੂੰ ਬਹੁਤ ਜ਼ਰੂਰੀ ਰਾਹਤ ਪ੍ਰਦਾਨ ਕਰੇਗਾ। ਇਸ ਬਿੱਲ ਨੂੰ ਹੁਣ ਸੈਨੇਟ ’ਚ ਪੇਸ਼ ਕੀਤਾ ਜਾਵੇਗਾ, ਜਿੱਥੇ ਪਾਸ ਕੀਤੇ ਜਾਣ ਤੋਂ ਬਾਅਦ ਜੋਅ ਬਾਇਡਨ ਦੇ ਦਸਤਖ਼ਤ ਕਰਨ ਦੇ ਬਾਅਦ ਇਹ ਕਾਨੂੰਨ ਦੀ ਸ਼ਕਲ ਲਵੇਗਾ।

Share