ਪਹਿਲੀ ਜੂਨ ਤੋਂ 180 ਅੰਦਰ ਦੇਸ਼ੋ ਬਾਹਰ ਆਉਣ-ਜਾਣ ਕੀਤਾ ਤਾਂ ਆਈਸੋਲੇਸ਼ਨ ਦੇ ਲੱਗਣਗੇ ਪੈਸੇ
-ਅੱਜ ਤੋਂ ਵਧੀ ਹੋਈ ਫੀਸ 5520 ਡਾਲਰ ਦੇਣੇ ਪੈਣਗੇ
ਆਕਲੈਂਡ, 26 ਮਾਰਚ, (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਵਿਚ ਪਿਛਲੇ ਸਾਲ 25 ਮਾਰਚ ਨੂੰ ਲਾਕ ਡਾਊਨ ਪੱਧਰ 4 ਲਾਗੂ ਕੀਤਾ ਗਿਆ ਸੀ ਅਤੇ ਦੇਸ਼ ਅਜੇ ਵੀ ਕਰੋਨਾ ਦੇ ਦਾਖਲੇ ਨੂੰ ਰੋਕਣ ਲਈ ਆਪਣੇ ਬਾਰਡਰ ਵਿਦੇਸ਼ੀਆਂ ਲਈ ਬੰਦ ਰੱਖ ਰਿਹਾ ਹੈ। ਦੇਸ਼ ਦੇ ਵਸਨੀਕ ਅਤੇ ਨਾਗਰਿਕ ਆ ਜਾ ਸਕਦੇ ਹਨ ਅਤੇ ਜਰੂਰੀ ਕਾਰਜਾਂ ਵਾਲਿਆਂ ਨੂੰ ਨਿਯਮਾਂ ਤਹਿਤ ਵੀਜ਼ਾ ਦਿੱਤਾ ਜਾ ਰਿਹਾ ਹੈ। ਅਸਥਾਈ ਵੀਜੇ ਵਾਲਿਆਂ ਨੂੰ ਤਾਂ ਆਈਸੋਲੇਸ਼ਨ ਦੀ ਫੀਸ ਪਹਿਲਾਂ ਹੀ 3100 ਡਾਲਰ (14 ਦਿਨਾਂ ਲਈ) ਦੇਣੀ ਪੈ ਰਹੀ ਹੈ ਅਤੇ ਅੱਜ ਇਹ ਹੋਰ ਵਧ ਕੇ 5520 ਡਾਲਰ ਹੋ ਗਈ ਹੈ। ਇਸ ਤੋਂ ਇਲਾਵਾ ਦੇਸ਼ ਦੇ ਨਾਗਰਕਿ ਅਤੇ ਵਸਨੀਕ ਜਿਹੜੇ ਲੌਕ ਡਾਊਨ ਤੋਂ ਪਹਿਲਾਂ ਦੇਸ਼ ਤੋਂ ਬਾਹਰ ਗਏ ਸੀ ਉਨ੍ਹਾਂ ਲਈ ਤਾਂ ਫੀਸ ਮਾਫ ਸੀ, ਪਰ ਜਿਹੜੇ 19 ਮਾਰਚ 2020 ਤੋਂ ਬਾਅਦ ਬਾਹਰ ਗਏ ਅਤੇ ਵਾਪਿਸ ਆਏ ਹਨ ਉਨ੍ਹਾਂ ਨੂੰ ਵੀ ਫੀਸ ਅਦਾ ਕਰਨੀ ਪੈ ਰਹੀ ਹੈ। ਇਸ ਤੋਂ ਬਾਅਦ ਸਰਕਾਰ ਨੇ ਐਲਾਨ ਕੀਤਾ ਸੀ ਕਿ ਜਿਹੜੇ ਕੀਵੀ 11 ਅਗਸਤ 2020 ਤੋਂ ਬਾਅਦ ਪਰਤ ਰਹੇ ਸਨ, ਜੇਕਰ ਉਹ 90 ਦਿਨਾਂ ਦੇ ਵਿਚ-ਵਿਚ ਆ ਕੇ ਦੁਬਾਰਾ ਦੇਸ਼ ਤੋਂ ਬਾਹਰ ਜਾਣਗੇ ਉਨ੍ਹਾਂ ਨੂੰ ਵੀ ਇਹ ਫੀਸ ਦੇਣੀ ਪਵੇਗੀ। ਲੋਕਾਂ ਨੇ ਸ਼ਾਇਦ 90 ਦਿਨ ਪੂਰੇ ਕਰਕੇ ਦੁਬਾਰਾ ਬਾਹਰ ਜਾਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਸਰਕਾਰ ਨੇ ਅੱਜ ਐਲਾਨ ਕੀਤਾ ਕਿ ਪਹਿਲੀ ਜੂਨ ਤੋਂ ਜਿਹੜਾ ਵੀ ਵਿਅਕਤੀ ਇਥੇ ਇਕ ਵਾਰ ਆ ਕੇ 180 ਦਿਨਾਂ (6 ਮਹੀਨੇ) ਦੇ ਵਿਚ-ਵਿਚ ਦੁਬਾਰਾ ਦੇਸ਼ ਤੋਂ ਬਾਹਰ ਗਿਆ ਤਾਂ ਉਸਨੂੰ ਆਈਸੋਲੇਸ਼ਨ ਦੀ ਵਧੀ ਹੋਈ ਫੀਸ ਅਦਾ ਕਰਨੀ ਪਏਗੀ। ਇਸ ਤੋਂ ਇਲਾਵਾ ਕੀਵੀਆਂ ਦੇ ਜੀਵਨ ਸਾਥੀ, ਪਤਨੀਆਂ ਅਤੇ ਕਾਨੂੰਨੀ ਤੌਰ ’ਤੇ ਬਣੇ ਸਰਪ੍ਰਸਤ ਜਾਂ 18 ਸਾਲ ਤੋਂ ਘੱਟ ਬੱਚੇ ਜਾਂ ਸਿਹਤ ਕਰਮੀ ਆਪਣੇ ਕੀਵੀ ਸਾਥੀ ਦੇ ਨਾਲ ਇਥੇ ਆ ਰਹੇ ਹਨ ਤਾਂ ਉਨ੍ਹਾਂ ਨੂੰ ਜੋ ਵੱਖਰੀ ਫੀਸ ਕਮਰਾ ਸਾਂਝਾ ਕਰਨ ਲਈ ਅਦਾ ਕਰਨੀ ਹੋਏਗੀ ਉਹ 950 ਡਾਲਰ ਹੋਵੇਗੀ ਅਤੇ ਬੱਚੇ ਲਈ 475 ਡਾਲਰ ਹੋਵੇਗੀ। ਇਹੀ ਫੀਸ ਦੂਜਿਆਂ ਲੋਕਾਂ ਲਈ ਕ੍ਰਮਵਾਰ 2990 ਅਤੇ 1610 ਡਾਲਰ ਹੈ। ਵਿੱਤੀ ਸੰਕਟ ਵਾਲਿਆਂ ਲਈ ਇਹ ਫੀਸ ਮੁਆਫ ਵੀ ਕੀਤੀ ਜਾ ਸਕਦੀ ਹੈ ਜਾਂ ਫਿਰ ਕਿਸ਼ਤਾਂ ਵਿਚ ਪੈਸੇ ਬਾਅਦ ਵਿਚ ਲਏ ਜਾ ਸਕਦੇ ਹਨ। ਅੰਤ ਕਿਹਾ ਜਾ ਸਕਦਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਜੇਕਰ ਇਥੇ ਆ ਗਏ ਤਾਂ 6 ਮਹੀਨੇ ਟਿਕ ਕੇ ਬੈਠੇ ਨਹੀਂ ਤਾਂ ਆਈਸੋਲੇਸ਼ਨ ਦੇ ਪੈਸੇ ਲਏ ਜਾਣਗੇ। ਸਰਕਾਰ ਨੇ ਕੋਵਿਡ-19 ਬਾਰੇ ਜਾਣਕਾਰੀ 20 ਭਾਸ਼ਾਵਾਂ ਦੇ ਵਿਚ ਦਿੱਤੀ ਹੈ ਅਤੇ ਸਾਰੀ ਜਾਣਕਾਰੀ ਪੰਜਾਬੀ ਦੇ ਵਿਚ ਵੀ ਉਪਲਬਧ ਹੈ, ਕੁਝ ਨਾ ਮਾਤਰ ਗਲਤੀਆਂ ਜਰੂਰ ਹਨ ਪਰ ਸਮਝਣ ਵਾਸਤੇ ਵਧੀਆ ਹੈ।