ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਟਾਈਮਜ ਚੌਕ ’ਚ ਮਨਾਵੇਗੀ ਆਜ਼ਾਦੀ ਦਿਵਸ

533
Share

ਸੈਕਰਾਮੈਂਟੋ, 14 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਦੀ ਨਿਊਯਾਰਕ, ਨਿਊਜਰਸੀ ਤੇ ਕੋਨੈਟੀਕਟ ਇਕਾਈ ਵੱਲੋਂ 15 ਅਗਸਤ ਨੂੰ ਆਜ਼ਾਦੀ ਦਿਵਸ ਨਿਊਯਾਰਕ ਸ਼ਹਿਰ ਦੇ ਟਾਈਮਜ਼ ਚੌਕ ’ਚ ਮਨਾਇਆ ਜਾਵੇਗਾ। ਭਾਰਤ ਦੀ ਆਜ਼ਾਦੀ ਦੇ 75ਵੇਂ ਦਿਵਸ ਦੇ ਜਸ਼ਨ ਸਾਰਾ ਦਿਨ ਚਲਣਗੇ। ਫੈਡਰੇਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਚੌਕ ’ਚ ਭਾਰਤੀ ਝੰਡਾ ਤਿੰਰਗਾ ਲਹਿਰਾਇਆ ਜਾਵੇਗਾ ਤੇ ਝੰਡਾ ਲਹਿਰਾਉਣ ਦੀ ਰਸਮ ਭਾਰਤ ਦੇ ਨਿਊਯਾਰਕ ਵਿਚਲੇ ਕੌਂਸਲ ਜਨਰਲ ਰਣਧੀਰ ਜੈਸਵਾਲ ਵੱਲੋਂ ਨਿਭਾਈ ਜਾਵੇਗੀ। ਜਸ਼ਨਾਂ ਦਾ ਸਮਾਪਤੀ ਸਮਾਗਮ ਹੁਡਸਨ ਦਰਿਆ ’ਤੇ ਹੋਵੇਗਾ, ਜਿਥੇ ਸਰਕਾਰੀ ਅਧਿਕਾਰੀ, ਵਿਸ਼ੇਸ਼ ਮਹਿਮਾਨ ਤੇ ਭਾਰਤੀ ਭਾਈਚਾਰੇ ਨਾਲ ਸਬੰਧਤ ਲੋਕ ਸ਼ਾਮਲ ਹੋਣਗੇ। ਇਸ ਮੌਕੇ ਚੈੱਸ ਦੇ ਗਰੈਂਡਮਾਸਟਰ ਭਾਰਤੀ ਮੂਲ ਦੇ ਅਮਰੀਕੀ ਖਿਡਾਰੀ 12 ਸਾਲਾ ਅਭੀਮਨਿਊ ਮਿਸ਼ਰਾ ਤੇ 17 ਸਾਲਾ ਸਾਮੀਰ ਬੈਨਰਜੀ, ਜਿਸ ਨੇ ਪਿਛਲੇ ਮਹੀਨੇ ਲੜਕਿਆਂ ਦਾ ਵਿੰਬਲਡਨ ਫਾਈਨਲ ਮੁਕਾਬਲਾ ਜਿੱਤ ਕੇ ਇਤਿਹਾਸ ਸਿਰਜਿਆ ਸੀ, ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਹ ਦੋਨੋਂ ਖਿਡਾਰੀ ਨਿਊਜਰਸੀ ਦੇ ਰਹਿਣ ਵਾਲੇ ਹਨ।

Share