ਫੈਡਰਲ ਚੋਣਾਂ 2021: ਜਸਟਿਨ ਟਰੂਡੋ ਦੀ ਅਗਵਾਈ ’ਚ ਦੁਬਾਰਾ ਬਣੇਗੀ ਘੱਟ ਗਿਣਤੀ ਸਰਕਾਰ

1119
Share

ਓਟਾਵਾ, 22 ਸਤੰਬਰ (ਪੰਜਾਬ ਮੇਲ)-ਕੈਨੇਡਾ ਦੀਆਂ 44ਵੀਆਂ ਪਾਰਲੀਮੈਂਟ ਚੋਣਾਂ ’ਚ ਜਸਟਿਨ ਟਰੂਡੋ ਦੀ ਅਗਵਾਈ ’ਚ ਲਿਬਰਲ ਪਾਰਟੀ ਨੂੰ ਦੁਬਾਰਾ ਜਿੱਤ ਹਾਸਲ ਹੋਈ ਹੈ। ਚੋਣ ਨਤੀਜਿਆਂ ਅਨੁਸਾਰ ਕੈਨੇਡਾ ’ਚ ਲਿਬਰਲ ਪਾਰਟੀ ਦੀ ਅਗਵਾਈ ਹੇਠ ਘੱਟ ਗਿਣਤੀ ਦੀ ਸਰਕਾਰ ਬਣੇਗੀ ਅਤੇ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਲਿਬਰਲ ਪਾਰਟੀ ਵੱਲੋਂ ਇਹ ਚੋਣਾਂ ਸੰਪੂਰਨ ਬਹੁਮਤ ਹਾਸਲ ਕਰਨ ਲਈ ਕਰਵਾਈਆਂ ਗਈਆਂ ਸਨ। ਪਰ ਉਹ ਸੰਪੂਰਨ ਬਹੁਮਤ ਹਾਸਲ ਨਹੀਂ ਕਰ ਸਕੀ ਤੇ ਦੁਬਾਰਾ ਉਨ੍ਹਾਂ ਨੂੰ ਘੱਟ ਗਿਣਤੀ ਸਰਕਾਰ ਨਾਲ ਹੀ ਸਬਰ ਕਰਨਾ ਪਵੇਗਾ।
ਲਿਬਰਲ ਪਾਰਟੀ ਬਹੁਮਤ ਲਈ ਲੋੜੀਦੀਆਂ 170 ਸੀਟਾਂ ਜਿੱਤਣ ’ਚ ਸਫਲ ਨਹੀਂ ਹੋਈ, ਬਲਕਿ ਪਿਛਲੀ ਵਾਰ ਨਾਲੋਂ ਕੇਵਲ ਇਕ ਸੀਟ ਵਧਾ ਕੇ 158 ਸੀਟਾਂ ਹੀ ਲਿਜਾਣ ’ਚ ਸਫਲ ਰਹੀ। ਕੰਜ਼ਰਵੇਟਿਵ ਪਾਰਟੀ ਨੂੰ 119 ਸੀਟਾਂ ਮਿਲੀਆਂ। ਪਿਛਲੀ ਵਾਰ ਉਸ ਦੀਆਂ 121 ਸੀਟਾਂ ਸਨ। ਬਲਾਕ ਕਿਊਬੈਕਾਂ 2 ਸੀਟਾਂ ਵਧਾਉਣ ’ਚ ਕਾਮਯਾਬ ਰਹੀ। ਉਸ ਨੂੰ ਇਸ ਵਾਰ 34 ਸੀਟਾਂ ਮਿਲੀਆਂ, ਜਦੋਂਕਿ ਐੱਨ.ਡੀ.ਪੀ. ਨੂੰ 25 ਸੀਟਾਂ ਮਿਲੀਆਂ। ਪਿਛਲੀ ਵਾਰ ਉਸ ਦੀਆਂ 24 ਸੀਟਾਂ ਸਨ। ਗਰੀਨ ਪਾਰਟੀ ਨੂੰ 2 ਸੀਟਾਂ ਮਿਲੀਆਂ, ਜਦੋਂ ਕਿ ਉਸ ਦੀ ਪਾਰਟੀ ਆਗੂ ਅਨੈਮੀ ਪਾਲ ਆਪਣੀ ਸੀਟ ਹਾਰ ਗਈ। ਪੀਪਲਜ਼ ਪਾਰਟੀ ਆਫ ਕੈਨੇਡਾ ਨੂੰ ਕੋਈ ਸੀਟ ਨਹੀ ਮਿਲੀ ਤੇ ਉਸ ਦੇ ਆਗੂ ਮੈਕਸਿਮ ਬਰਨੀਅਰ ਵੀ ਚੋਣ ਹਾਰ ਗਏ।
ਕੈਨੇਡਾ ਦੀ ਇਸ 44ਵੀਂ ਪਾਰਲੀਮੈਂਟ ਚੋਣ ’ਚ ਡੇਢ ਦਰਜਨ ਦੇ ਕਰੀਬ ਪ੍ਰਵਾਸੀ ਪੰਜਾਬੀ ਮੈਂਬਰ ਚੁਣੇ ਗਏ ਹਨ। ਕੈਨੇਡਾ ਦੀ ਰਾਜਨੀਤੀ ’ਚ ਬੇਹੱਦ ਅਹਿਮ ਮੰਨੇ ਜਾਂਦੇ ਓਨਟਾਰੀਓ ਸੂਬੇ ’ਚ ਪਿਛਲੀਆਂ ਚੋਣਾਂ ਦਾ ਆਪਣਾ ਰਿਕਾਰਡ ਬਰਕਰਾਰ ਰੱਖਦਿਆਂ ਐਤਕੀਂ ਵੀ ਲਿਬਰਲ ਪਾਰਟੀ ਬਹੁਗਿਣਤੀ ਪਾਰਲੀਮੈਂਟ ਹਲਕਿਆਂ ’ਚ ਜੇਤੂ ਰਹੀ ਹੈ।
ਪੰਜਾਬੀਆਂ ਦੇ ਗੜ੍ਹ ਵਾਲ਼ੇ ਬਰੈਂਪਟਨ ਇਲਾਕੇ ’ਚ ਲਿਬਰਲ ਉਮੀਦਵਾਰਾਂ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਬਰੈਂਪਟਨ ਦੀਆਂ ਲਗਭਗ ਸਾਰੀਆਂ ਸੀਟਾਂ ਉਤੇ ਹੀ ਪ੍ਰਮੁੱਖ ਰਾਜਸੀ ਪਾਰਟੀਆਂ ਵੱਲੋਂ ਪੰਜਾਬੀ ਆਗੂ ਹੀ ਮੈਦਾਨ ਵਿਚ ਸਨ। ਇਨ੍ਹਾਂ ਵਿਚੋਂ ਲਿਬਰਲ ਪਾਰਟੀ ਵੱਲੋਂ ਬਰੈਂਪਟਨ ਪੂਰਬੀ ਤੋਂ ਮਨਿੰਦਰ ਸਿਧੂ, ਬਰੈਂਪਟਨ ਉਤਰੀ ਤੋਂ ਰੂਬੀ ਸਹੋਤਾ, ਬਰੈਂਪਟਨ ਦੱਖਣੀ ਤੋਂ ਸੋਨੀਆ ਸਿੱਧੂ, ਬਰੈਂਪਟਨ ਕੇਂਦਰੀ ਤੋਂ ਅਲੀ ਸ਼ਫਕਤ, ਬਰੈਂਪਟਨ ਪੱਛਮੀ ਹਲਕੇ ਤੋਂ ਕਮਲ ਖਹਿਰਾ ਚੋਣ ਜਿੱਤ ਗਏ ਹਨ। ਇਹ ਸਾਰੇ ਹੀ ਪੰਜਾਬੀ ਹਨ।
ਮਨਿੰਦਰ ਸਿੱਧੂ ਜਲੰਧਰ ਜ਼ਿਲ੍ਹੇ ਦੇ ਕਸਬੇ ਮਲਸੀਆਂ ਨਾਲ ਸਬੰਧਤ ਹੈ। ਕੈਲਗਰੀ ਫੋਰੈਸਟ ਲਾਊਨ ਤੋਂ ਕੰਜ਼ਰਵੇਟਿਵ ਜਸਰਾਜ ਸਿੰਘ ਹੱਲਣ ਨੇ ਜਿੱਤ ਪ੍ਰਾਪਤ ਕੀਤੀ ਹੈ। ਜਿੱਤ ਦਰਜ ਕਰਨ ਵਾਲੇ 17 ਇੰਡੋ-ਕੈਨੇਡੀਅਨ ਆਗੂਆਂ ’ਚ ਸਾਬਕਾ ਮੰਤਰੀ ਟਿਮ ਉੱਪਲ ਅਤੇ ਤਿੰਨ ਮੌਜੂਦਾ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਤੇ ਅਨੀਤਾ ਆਨੰਦ ਵੀ ਸ਼ਾਮਲ ਹਨ। ਬ੍ਰਿਟਿਸ਼ ਕੋਲੰਬੀਆ ’ਚ ਤਿੰਨ ਵਾਰ ਲਿਬਰਲ ਪਾਰਟੀ ਦੇ ਐੱਮ.ਪੀ. ਰਹੇ ਸੁੱਖ ਧਾਲੀਵਾਲ ਨੇ ਐੱਨ.ਡੀ.ਪੀ. ਦੇ ਅਵਨੀਤ ਜੌਹਲ ਨੂੰ ਹਰਾ ਕੇ ਆਪਣੀ ਸਰੀ-ਨਿਊਟਨ ਸੀਟ ਬਰਕਰਾਰ ਰੱਖੀ ਹੈ। ਲਿਬਰਲ ਪਾਰਟੀ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਵੀ ਸਰੀ ਸੈਂਟਰ ਸੀਟ ਜਿੱਤ ਲਈ ਹੈ। ਕਿਊਬੈਕ ’ਚ ਇੰਡੋ-ਕੈਨੇਡੀਅਨ ਅੰਜੂ ਢਿੱਲੋਂ ਨੇ ਸੀਟ ਬਰਕਰਾਰ ਰੱਖੀ ਹੈ। ਚੰਦਰ ਆਰੀਆ ਨੇ ਵੀ ਓਨਟਾਰੀਓ ਵਿਚ ਨੇਪੀਅਨ ਸੀਟ ਬਰਕਰਾਰ ਰੱਖੀ ਹੈ। ਲਿਬਰਲ ਪਾਰਟੀ ਲਈ ਮਿਸੀਸਾਗਾ-ਮਾਲਟਨ ਸੀਟ ਜਿੱਤਣ ਵਾਲੇ ਵਕੀਲ ਇਕਵਿੰਦਰ ਗਹੀਰ ਸੰਸਦ ਵਿੱਚ ਪੁੱਜਣ ਵਾਲੇ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰਾਂ ’ਚੋਂ ਹੋਣਗੇ।
ਐੱਨ.ਡੀ.ਪੀ. ਦੇ ਮੁਖੀ ਸਿੱਖ ਆਗੂ ਜਗਮੀਤ ਸਿੰਘ ਆਪਣੀ ਬਰਨਬੀ ਸਾਊਥ ਸੀਟ ਤੋਂ ਮੁੜ ਜੇਤੂ ਰਹੇ ਹਨ। ਕੈਲਗਰੀ ਸਕਾਈ ਵਿਊ ’ਚ ਬਹੁਤ ਹੀ ਸਖ਼ਤ ਮੁਕਾਬਲਾ ਵਿਖਾਈ ਦਿੱਤਾ, ਜਿੱਥੇ ਲਿਬਰਲ ਪਾਰਟੀ ਦੇ ਜਾਰਜ ਚਾਹਲ ਸਿਰਫ਼ 600 ਵੋਟਾਂ ਦੇ ਫਰਕ ਨਾਲ ਕੰਜ਼ਰਵੇਟਿਵ ਪਾਰਟੀ ਦੇ ਜੈਗ ਸਹੋਤਾ ਤੋਂ ਜਿੱਤ ਗਏ ਹਨ।
ਇੱਥੇ ਹੁਣ ਡਾਕ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਬੇਹੱਦ ਅਹਿਮ ਹੋਵੇਗੀ। ਕੈਲਗਰੀ ਸਕਾਈਵਿਊ ਅਜਿਹਾ ਹਲਕਾ ਹੈ ਜਿੱਥੇ ਚਾਰ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਪੰਜਾਬੀ ਆਗੂ ਹੀ ਮੈਦਾਨ ਵਿਚ ਸਨ। ਇਨ੍ਹਾਂ ਵਿਚੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਐਡਵੋਕੇਟ ਜਗਦੀਪ ਕੌਰ ਜੈਗ ਸਹੋਤਾ, ਲਿਬਰਲ ਪਾਰਟੀ ਵੱਲੋਂ ਜਾਰਜ ਚਾਹਲ, ਐਨਡੀਪੀ ਵੱਲੋਂ ਗੁਰਿੰਦਰ ਸਿੰਘ ਗਿੱਲ ਜਦਕਿ ਪੀਪਲਜ਼ ਪਾਰਟੀ ਆਫ ਕੈਨੇਡਾ ਵੱਲੋਂ ਹੈਰੀ ਢਿੱਲੋਂ ਉਮੀਦਵਾਰ ਸੀ।

20 ਸਾਲਾਂ ’ਚ ਤਿੰਨ ਸਰਕਾਰਾਂ ਨੇ ਹੀ ਪੂਰਾ ਕੀਤਾ ਕਾਰਜਕਾਲ!
ਕੈਨੇਡਾ ’ਚ ਪਿਛਲੇ ਤਕਰੀਬਨ 20 ਸਾਲਾਂ ਦੌਰਾਨ ਸਿਰਫ਼ ਤਿੰਨ ਸਰਕਾਰਾਂ ਹੀ ਆਪਣਾ 4 ਸਾਲ ਦਾ ਕਾਰਜਕਾਲ ਪੂਰਾ ਕਰ ਸਕੀਆਂ ਹਨ ਅਤੇ 5 ਵਾਰ ਮੱਧਕਾਲੀ ਚੋਣਾਂ ਹੋਈਆਂ ਹਨ। ਇਨ੍ਹਾਂ ਵਿਚੋਂ 2000 ਤੋਂ 2004, 2011 ਤੋਂ 2015 ਤੱਕ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਸਰਕਾਰ ਅਤੇ 2015 ਤੋਂ 2019 ਤੱਕ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨੇ ਆਪਣਾ ਕਾਰਜਕਾਲ ਪੂਰਾ ਕੀਤਾ। ਇਸ ਤੋਂ ਇਲਾਵਾ ਬਾਕੀ ਸਰਕਾਰਾਂ ਕਿਸੇ ਨਾ ਕਿਸੇ ਕਾਰਨ ਸਮੇਂ ਤੋਂ ਪਹਿਲਾਂ ਹੀ ਟੁੱਟਦੀਆਂ ਰਹੀਆਂ ਅਤੇ ਮੱਧਕਾਲੀ ਚੋਣਾਂ ਹੁੰਦੀਆਂ ਰਹੀਆਂ ਹਨ। ਇਸ ਸਦੀ ਦੀ ਪਹਿਲੀ ਮੱਧਕਾਲੀ ਚੋਣ 2006 ’ਚ ਹੋਈ ਸੀ ਅਤੇ ਇਹ ਸਰਕਾਰ ਸਿਰਫ਼ ਦੋ ਸਾਲ ਹੀ ਚੱਲੀ। 2008 ਅਤੇ 2011 ਵਿਚ ਮੁੜ ਮੱਧਕਾਲੀ ਚੋਣਾਂ ਹੋਈਆਂ, ਜਦਕਿ ਐਤਕੀਂ 2021 ’ਚ ਜਸਟਿਨ ਟਰੂਡੋ ਨੇ ਬਿਨਾਂ ਕਿਸੇ ਚੁਣੌਤੀ ਤੋਂ ਖ਼ੁਦ ਹੀ ਸਰਕਾਰ ਭੰਗ ਕਰਨ ਦਾ ਐਲਾਨ ਕਰਕੇ ਮੱਧਕਾਲੀ ਚੋਣਾਂ ਕਰਵਾ ਦਿੱਤੀਆਂ।


Share