ਫੈਡਕਸ ਸਟੋਰ ’ਚ 4 ਸਿੱਖਾਂ ਸਮੇਤ 8 ਲੋਕਾਂ ਦੀ ਹੱਤਿਆ ਪਿੱਛੇ ਨਸਲੀ ਨਫਰਤ ਨਹੀਂ ਸੀ; ਪੁਲਿਸ ਵੱਲੋਂ ਇੰਕਸ਼ਾਫ

363
ਇੰਡੀਆਨਾਪੋਲਿਸ ’ਚ ਸਿੱਖ ਭਾਈਚਾਰੇ ਦੇ ਮੈਂਬਰ ਫੈਡਿਕਸ ਗੋਲੀਬਾਰੀ ਵਿਚ ਮਾਰੇ ਗਏ ਵਿਅਕਤੀਆਂ ਦੀ ਯਾਦ ਵਿੱਚ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ। (ਫਾਇਲ ਤਸਵੀਰ)
Share

* ਦੋਸ਼ੀ ਮਾਨਸਿਕ ਰੋਗੀ ਸੀ ਤੇ ਉਹ ਆਤਮ ਹੱਤਿਆ ਕਰਨਾ ਚਾਹੁੰਦਾ ਸੀ
ਸੈਕਰਾਮੈਂਟੋ, 6 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਸ ਸਾਲ 18 ਅਪ੍ਰੈਲ ਨੂੰ ਇੰਡੀਆਨਾਪੋਲਿਸ ’ਚ ਫੈਡਕਸ ਸਟੋਰ ’ਚ ਕੰਪਨੀ ਦੇ ਇਕ ਸਾਬਕਾ ਮੁਲਾਜ਼ਮ ਵੱਲੋਂ ਗੋਲੀਆਂ ਚਲਾ ਕੇ 4 ਸਿੱਖਾਂ ਸਮੇਤ 8 ਵਿਅਕਤੀਆਂ ਦੀ ਹੱਤਿਆ ਕਰਨ ਪਿੱਛੇ ਨਸਲੀ ਨਫਰਤ ਵਾਲੀ ਕੋਈ ਗੱਲ ਨਹੀਂ ਸੀ। ਇਹ ਇੰਕਸ਼ਾਫ ਪੁਲਿਸ ਅਧਿਕਾਰੀਆਂ ਨੇ ਕੀਤਾ ਹੈ। ਇੰਡੀਆਨਾਪੋਲਿਸ ਪੁਲਿਸ ਤੇ ਸੰਘੀ ਅਧਿਕਾਰੀਆਂ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ 19 ਸਾਲਾ ਬਰੈਂਡਨ ਸਕਾਟ ਹੋਲ ਇਕੱਲਾ ਹੀ ਹਮਲਾਵਰ ਸੀ ਤੇ ਉਸ ਨੇ ਇਹ ਗੋਲੀਬਾਰੀ ‘ਖੁਦਕਸ਼ੀ-ਕਤਲ’ ਮਾਨਸਿਕਤਾ ਨਾਲ ਕੀਤੀ। ਅਧਿਕਾਰੀਆਂ ਅਨੁਸਾਰ ਉਹ ਮਰਨਾ ਚਾਹੁੰਦਾ ਸੀ ਤੇ ਇਸ ਦੇ ਨਾਲ ਹੀ ਆਪਣੀ ਮਰਦਾਨਗੀ ਤੇ ਤਾਕਤ ਵਿਖਾਉਣਾ ਚਾਹੁੰਦਾ ਸੀ। ਉਸ ਨੇ ਆਪਣੀ ਅੰਤਿਮ ਇੱਛਾ ਦੀ ਪੂਰਤੀ ਲਈ ਲੋਕਾਂ ਨੂੰ ਮਾਰਿਆ। ਪੁਲਿਸ ਅਨੁਸਾਰ ਇਸ ਘਟਨਾ ’ਚ ਫੈਡਕਸ ’ਚ ਕੰਮ ਕਰਦੇ 8 ਮੁਲਾਜ਼ਮ ਮਾਰੇ ਗਏ ਸਨ ਤੇ 5 ਜ਼ਖਮੀ ਹੋਏ ਸਨ। ਐੱਫ.ਬੀ.ਆਈ. ਦੇ ਇੰਡੀਆਨਾਪੋਲਿਸ ਫੀਲਡ ਦਫਤਰ ’ਚ ਇੰਚਾਰਜ ਵਜੋਂ ਤਾਇਨਾਤ ਪੌਲ ਕੀਨਨ ਨੇ ਕਿਹਾ ਕਿ ਦੋਸ਼ੀ ਨੇ ਗੋਲੀਬਾਰੀ ਲਈ ਫੈਡਕਸ ਇਮਾਰਤ ਨੂੰ ਇਸ ਵਾਸਤੇ ਚੁਣਿਆ ਕਿਉਂਕਿ ਉਹ ਇਸ ਇਮਾਰਤ ਤੋਂ ਵਾਕਿਫ ਸੀ ਤੇ ਉਸ ਦਾ ਵਿਸ਼ਵਾਸ ਸੀ ਕਿ ਉਹ ਇਸ ਇਮਾਰਤ ਵਿਚ ਵਧ ਤੋਂ ਵਧ ਲੋਕਾਂ ਨੂੰ ਮਾਰ ਸਕਦਾ ਹੈ। ਕੀਨਨ ਨੇ ਕਿਹਾ ਕਿ ਦੋਸ਼ੀ ਦੇ ਮਨ ’ਚ ਆਤਮ ਹੱਤਿਆ ਕਰਨ ਦਾ ਵਿਚਾਰ ਸੀ। ਉਹ ਮਾਨਸਿਕ ਤੌਰ ’ਤੇ ਬਿਮਾਰ ਸੀ ਤੇ ਉਸ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਕ ਤੋਂ ਵਧ ਵਾਰ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੀਨਨ ਅਨੁਸਾਰ, ਹੋਲ ਨੇ ਗੋਲੀਬਾਰੀ ’ਚ ਵਰਤੀਆਂ ਦੋ ਰਾਈਫਲਾਂ ਜਾਇਜ਼ ਢੰਗ ਤਰੀਕੇ ਨਾਲ ਖਰੀਦੀਆਂ ਸਨ ਤੇ ਉਸ ਦੀ ਮਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਉਸ ਦਾ ਪੁੱਤਰ ਕਿਸੇ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਇਥੇ ਜ਼ਿਕਰਯੋਗ ਹੈ ਕਿ ਸਿੱਖ ਭਾਈਚਾਰੇ ਵੱਲੋਂ ਲਾਅ ਇਨਫੋਰਸਮੈਂਟ ਏਜੰਸੀਆਂ ਉਪਰ ਨਿਰੰਤਰ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਹੱਤਿਆਵਾਂ ਪਿੱਛੇ ਹਮਲਾਵਰ ਦੇ ਮਕਸਦ ਨੂੰ ਸਪੱਸ਼ਟ ਕਰਨ।

Share