ਫੇਸਬੁੱਕ ਨੇ ਆਪਣੇ ਪਲੇਟਫਾਰਮ ਤੋਂ ਟਰੰਪ ਵੱਲੋਂ ਜਾਰੀ ਵੀਡੀਓ ਇਸ਼ਤਿਹਾਰ ਹਟਾਏ

296
Share

ਵਾਸ਼ਿੰਗਟਨ, 24 ਜੂਨ (ਪੰਜਾਬ ਮੇਲ)-ਫੇਸਬੁੱਕ ਨੇ ਆਪਣੇ ਪਲੇਟਫਾਰਮ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜਾਰੀ 10 ਤੋਂ ਵੱਧ ਇਸ਼ਤਿਹਾਰਾਂ ਨੂੰ ਹਟਾ ਦਿੱਤਾ ਹੈ। ਇਹ ਵੀਡੀਓ ਇਸ਼ਤਿਹਾਰ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਜਾਰੀ ਕੀਤੇ ਗਏ ਸਨ। ਫੇਸਬੁੱਕ ਦੇ ਬੁਲਾਰੇ ਐਂਡੀ ਸਟੋਨ ਨੇ ਕਿਹਾ ਕਿ ਇਹ ਇਸ਼ਤਿਹਾਰ ਜਨਤਕ ਨਫ਼ਰਤ ਨੂੰ ਰੋਕਣ ਦੀਆਂ ਸਾਡੀਆਂ ਨੀਤੀਆਂ ਵਿਰੁੱਧ ਸਨ। ਵੀਡੀਓ ਟਰੰਪ ਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਫੇਸਬੁੱਕ ਪੇਜ ਤੋਂ ਸ਼ੇਅਰ ਕੀਤੇ ਗਏ ਸਨ। ਇਸ ਨੂੰ ਹਟਾਉਣ ਤੋਂ ਪਹਿਲਾਂ ਇਸ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ ਸੀ। ਟਰੰਪ ਦੀ ਚੋਣ ਮੁਹਿੰਮ ਦੇ ਇਨ੍ਹਾਂ ਇਸ਼ਤਿਹਾਰਾਂ ਵਿਚ ਖੱਬੇ ਸਮੂਹ ਐਂਟੀਫਾ ਦੀ ਰੱਜ ਕੇ ਆਲੋਚਨਾ ਕੀਤੀ ਗਈ ਸੀ। ਟਰੰਪ ਦੇ ਸਮਰਥਕ ਮੰਗ ਕਰ ਰਹੇ ਹਨ ਕਿ ਅਮਰੀਕੀ ਸਮੂਹ ਨੂੰ ਘਰੇਲੂ ਅੱਤਵਾਦੀ ਸੰਗਠਨ ਐਲਾਨਿਆ ਜਾਵੇ। ਯਾਦ ਰਹੇ ਕਿ ਇਸ ਸਮੂਹ ਦੇ ਮੈਂਬਰਾਂ ਨੇ ਤਾਲਾਬੰਦੀ ਨੂੰ ਹਟਾਉਣ ਦੇ ਵਿਰੋਧ ‘ਚ ਪਿਛਲੇ ਮਹੀਨੇ ਅਮਰੀਕਾ ‘ਚ ਕਈ ਰਾਜਾਂ ਵਿਚ ਹੋਏ ਪ੍ਰਦਰਸ਼ਨਾਂ ਵਿਚ ਹਥਿਆਰਾਂ ਸਣੇ ਹਿੱਸਾ ਲਿਆ ਸੀ। ਇਸ਼ਤਿਹਾਰਾਂ ‘ਚ ਦਰਸਾਇਆ ਗਿਆ ਸੀ, ”ਖੱਬੇਪੱਖੀ ਧੜਿਆਂ ਦੀਆਂ ਮਾਰੂ ਭੀੜਾਂ ਸਾਡੀਆਂ ਸੜਕਾਂ ‘ਤੇ ਭੱਜ ਰਹੀਆਂ ਹਨ। ਉਹ ਅਸ਼ਾਂਤੀ ਫੈਲਾਅ ਰਹੇ ਹਨ, ਉਹ ਸਾਡੇ ਸ਼ਹਿਰਾਂ ‘ਚ ਦੰਗੇ ਕਰ ਰਹੇ ਹਨ ਅਤੇ ਤਬਾਹ ਕਰ ਰਹੇ ਹਨ, ਇਹ ਪੂਰੀ ਤਰ੍ਹਾਂ ਪਾਗਲਪਨ ਹੈ। ਇਸ ਸਮੇਂ ਇਹ ਅਹਿਮ ਹੈ ਕਿ ਸਾਰੇ ਅਮਰੀਕੀ ਇਕੱਠੇ ਹੋਣ ‘ਤੇ ਉਨ੍ਹਾਂ ਨੂੰ ਇਹ ਸੰਦੇਸ਼ ਭੇਜਣ ਕਿ ਅਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਹੁਣ ਸਹਿਣ ਨਹੀਂ ਕਰਾਂਗੇ। ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਬਾਰੇ ਆਪਣਾ ਬਿਆਨ ਦਿਓ ਤੇ ਆਪਣਾ ਨਾ ਇਸ ਸਰਵੇਖਣ ‘ਚ ਸ਼ਾਮਲ ਕਰੋ।”


Share