ਫੁਟਬਾਲ ਸੁਪਰਸਟਾਰ ਮੈਰਾਡੋਨਾ ਨੂੰ ਅੰਤਿਮ ਵਿਦਾਇਗੀ ਦੇਣ ਲਈ ਹਜ਼ਾਰਾਂ ਪ੍ਰਸ਼ੰਸਕਾਂ ਦਾ ਹੋਇਆ ਇਕੱਠ

892
Share

-ਮੈਰਾਡੋਨਾ ਨੂੰ ਮਾਤਾ-ਪਿਤਾ ਦੀ ਕਬਰ ਕੋਲ ਦਫ਼ਨਾਇਆ;
ਪ੍ਰਸ਼ੰਸਕਾਂ ਨੂੰ ਖਿੰਡਾਉਣ ਲਈ ਪੁਲਿਸ ਵੱਲੋਂ ਲਾਠੀਚਾਰਜ
ਬਿਊਨਿਸ ਆਇਰਸ, 28 ਨਵੰਬਰ (ਪੰਜਾਬ ਮੇਲ)- ਆਪਣੇ ਮਹਿਬੂਬ ਫੁਟਬਾਲ ਸੁਪਰਸਟਾਰ ਡੀਏਗੋ ਮੈਰਾਡੋਨਾ ਨੂੰ ਅੰਤਿਮ ਵਿਦਾਇਗੀ ਦੇਣ ਲਈ ਇੱਥੇ ਸੜਕਾਂ ‘ਤੇ ਹਜ਼ਾਰਾਂ ਪ੍ਰਸ਼ੰਸਕ ਇਕੱਠੇ ਹੋ ਗਏ। ਨਮ ਅੱਖਾਂ ਅਤੇ ਹੱਥਾਂ ਵਿਚ ਅਰਜਨਟੀਨਾ ਦਾ ਝੰਡਾ ਫੜ ਕੇ ਉਹ ਫੁਟਬਾਲ ਦੇ ਗੀਤ ਗਾ ਰਹੇ ਸਨ। ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ। ਮੈਰਾਡੋਨਾ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਸ਼ਾਮ ਛੇ ਵਜੇ ਬੰਦ ਕਰ ਦਿੱਤੇ ਗਏ ਸਨ। ਇਸ ਤਰ੍ਹਾਂ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਤਸੁਕ ਦਰਸ਼ਕ ਭੜਕ ਗਏ ਅਤੇ ਕਬਰਿਸਤਾਨ ਦੇ ਗੇਟਾਂ ‘ਤੇ ਤਣਾਅ ਵਾਲੀ ਸਥਿਤੀ ਬਣ ਗਈ। ਜਾਰਡਨ ਬੈੱਲਾ ਵਿਸਟਾ ਕਬਰਿਸਤਾਨ ਵਿਚ ਸਸਕਾਰ ਲਈ ਲਗਪਗ ਦੋ ਦਰਜਨ ਲੋਕ ਮੌਜੂਦ ਸਨ। ਮੈਰਾਡੋਨਾ ਨੂੰ ਉਸ ਦੇ ਮਾਤਾ-ਪਿਤਾ ਡਾਲਮਾ ਅਤੇ ਡੀਏਗੋ ਦੇ ਨੇੜੇ ਦਫ਼ਨਾਇਆ ਗਿਆ। ਉਸ ਦੀ ਅੰਤਿਮ ਯਾਤਰਾ ਵਿਚ ਪ੍ਰਸ਼ੰਸਕ ਫੁਟਬਾਲ ਦੇ ਗੀਤ ਗਾ ਰਹੇ ਸਨ, ਜਦਕਿ ਕੁੱਝ ਨੇ ਕੌਮੀ ਝੰਡਾ ਲਪੇਟਿਆ ਹੋਇਆ ਸੀ। ਉਨ੍ਹਾਂ ਨੇ ਪਲਾਜ਼ਾ ਡੇਅ ਮਾਯੋ ਤੋਂ 20 ਬਲਾਕ ਦੀ ਦੂਰੀ ‘ਤੇ ਲੰਮੀ ਲਾਈਨ ਬਣਾਈ ਹੋਈ ਸੀ। ਇਹ ਉਹੀ ਥਾਂ ਹੈ, ਜਿੱਥੇ ਮੈਰਾਡੋਨਾ ਦੀ ਅਗਵਾਈ ਹੇਠ 1986 ਵਿਚ ਵਿਸ਼ਵ ਕੱਪ ਜਿੱਤਣ ਦਾ ਜਸ਼ਨ ਮਨਾਇਆ ਗਿਆ ਸੀ। ਉਨ੍ਹਾਂ ਦੇ ਮਨੁੱਖੀ ਅਧਿਕਾਰ ਸੰਗਠਨ ‘ਮਦਰ ਆਫ ਦਿ ਪਲਾਜ਼ਾ ਡੇਅ ਮਾਯੋ’ ਦੇ ਦੋ ਰੁਮਾਲ ਵੀ ਮੈਰਾਡੋਨਾ ਦੀ ਮ੍ਰਿਤਕ ਦੇਹ ਕੋਲ ਰੱਖੇ ਗਏ। ਮੈਰਾਡੋਨਾ 1976 ਤੋਂ 1983 ਦੌਰਾਨ ਅਰਜਨਟੀਨਾ ਵਿਚ ਫ਼ੌਜੀ ਤਾਨਾਸ਼ਾਹੀ ਦੌਰਾਨ ਬੱਚਿਆਂ ਦੇ ਲਾਪਤਾ ਹੋਣ ਦੇ ਵਿਰੋਧ ‘ਚ ਵਰ੍ਹਿਆਂ ਤੱਕ ਇਹ ਰੁਮਾਲ ਬੰਨ੍ਹ ਕੇ ਖੇਡਿਆ ਸੀ।


Share