ਫੀਫਾ ਵਿਸ਼ਵ ਕੱਪ: ਸਾਊਦੀ ਅਰਬ ਨੇ ਵੱਡਾ ਉਲਟ ਫੇਰ ਕਰਦਿਆਂ ਅਰਜਨਟੀਨਾ ਨੂੰ 2-1 ਨਾਲ ਹਰਾਇਆ

41
Share

ਕਤਰ, 22 ਨਵੰਬਰ (ਪੰਜਾਬ ਮੇਲ)- ਸਾਊਦੀ ਅਰਬ ਨੇ ਇਥੇ ਲੁਸੇਲ ਸਟੇਡੀਅਮ ਵਿੱਚ ਗਰੁੱਪ ਸੀ ਦੇ ਇਕ ਮੈਚ ਵਿੱਚ ਵੱਡਾ ਉਲਟ ਫੇਰ ਕਰਦਿਆਂ ਅਰਜਨਟੀਨਾ ਨੂੰ 2-1 ਨਾਲ ਹਰਾ ਦਿੱਤਾ। ਅਰਜਨਟੀਨੀ ਖਿਡਾਰੀ ਮੇੇਸੀ ਨੇ ਪਹਿਲੇ ਅੱਧ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਟੀਮ ਨੂੰ ਬੜ੍ਹਤ ਦਿਵਾਈੇ। ਇਸ ਤੋਂ ਇਲਾਵਾ ਟੀਮ ਵੱਲੋਂ ਲੌਟਾਰੋ ਮਾਰਟੀਨੇਜ਼ ਵੱਲੋਂ ਕੀਤੇ ਤਿੰਨ ਗੋਲ ਆਫਸਾਈਡ ਹੋਣ ਕਾਰਨ ਅਜਾਈਂ ਚਲ ਗਏ ਜਿਸ ਨਾਲ ਅਰਜਨਟੀਨਾ ਦੀ ਸਾਊਦੀ ਅਰਬ ਖ਼ਿਲਾਫ਼ ਵੱਡੀ ਬੜ੍ਹਤ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਘਾਨਾ ਤੋਂ ਬਾਅਦ ਟੂਰਨਾਮੈਂਟ ਵਿੱਚ ਦੂਜੀ ਹੇਠਲੇ ਦਰਜੇ ਦੀ ਟੀਮ ਸਾਊਦੀ ਅਰਬ ਨੇ ਦੂਜੇ ਹਾਫ ਦੀ ਸ਼ੁਰੂਆਤ ਵਿੱਚ ਹੀ ਹਮਲਾਵਰ ਖੇਡ ਦਿਖਾਉਂਦਿਆਂ ਅਰਜਨਟੀਨਾ ਦੇ ਡਿਫੈਂਸ ਨੂੰ ਤੋੜਦਿਆਂ ਦੋ ਗੋਲ ਕਰਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਸਾਊਦੀ ਅਰਬ ਵੱਲੋਂ ਸਾਲੇਹ ਅਲ-ਸ਼ਹਿਰੀ ਨੇ 48ਵੇਂ ਮਿੰਟ ਵਿੱਚ ਜਦੋਂ ਕਿ ਸਲੇਮ ਅਲ-ਦੌਸਾਰੀ ਨੇ 53ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਤੋਂ ਬਾਅਦ ਅਰਜਨਟੀਨਾਂ ਨੂੰ ਕਈ ਮੌਕੇ ਮਿਲੇ ਪਰ ਉਹ ਉਨ੍ਹਾਂ ਨੂੰ ਗੋਲ ਵਿੱਚ ਤਬਦੀਲ ਕਰਨ ਵਿੱਚ ਅਸਫਲ ਰਿਹਾ। ਸਾਊਦੀ ਅਰਬ ਦਾ ਇਹ ਛੇਵਾਂ ਵਿਸ਼ਵ ਕੱਪ ਹੈ ਪਰ ਇਸ ਤੋਂ ਪਹਿਲਾਂ ਉਹ ਕਦੇ ਵੀ ਸ਼ੁਰੂਆਤੀ ਮੈਚ ਵਿੱਚ ਜਿੱਤ ਦਰਜ ਨਹੀਂ ਕਰ ਸਕਿਆ ਸੀ। ਅੱਜ ਦੇ ਨਤੀਜੇ ਕਾਰਨ ਅਰਜਨਟੀਨਾ ਦੀ ਪਿਛਲੇ 36 ਮੈਚਾਂ ਤੋਂ ਜੇਤੂ ਰਹਿਣ ਦੀ ਮੁਹਿੰਮ ਨੂੰ ਠੱਲ੍ਹ ਪੈ ਗਈ ਹੈ। 37 ਮੇੈਚਾਂ ਵਿੱਚ ਜੇਤੂ ਰਹਿਣ ਦਾ ਕੌਮਾਂਤਰੀ ਰਿਕਾਰਡ ਇਟਲੀ ਦੇ ਨਾਂ ਹੈ।


Share