ਫੀਨਿਕਸ ਹਵਾਈ ਅੱਡੇ ਦੇ ਨੇੜੇ ਉਡਾਣ ਦੌਰਾਨ ਹੈਲੀਕਾਪਟਰ ਤੇ ਜਹਾਜ਼ ਵਿਚਾਲੇ ਹੋਈ ਟੱਕਰ ਦੌਰਾਨ 2 ਲੋਕਾਂ ਦੀ ਮੌਤ

467
Share

ਫੀਨਿਕਸ, 2 ਅਕਤੂਬਰ (ਪੰਜਾਬ ਮੇਲ)- ਐਰੀਜ਼ੋਨਾ ’ਚ ਫੀਨਿਕਸ ਹਵਾਈ ਅੱਡੇ ਦੇ ਨੇੜੇ ਉਡਾਣ ਦੌਰਾਨ ਹੈਲੀਕਾਪਟਰ ਤੇ ਇਕ ਛੋਟੇ ਜਹਾਜ਼ ਵਿਚਾਲੇ ਟੱਕਰ ਦੇ ਬਾਅਦ ਹੈਲੀਕਾਪਟਰ ਇਕ ਮੈਦਾਨ ਵਿਚ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਉਸ ਵਿਚ ਸਵਾਰ 2 ਲੋਕਾਂ ਦੀ ਮੌਤ ਹੋ ਗਈ। ਟੱਕਰ ਦੇ ਬਾਅਦ ਜਹਾਜ਼ ਸੁਰੱਖਿਅਤ ਤਰੀਕੇ ਨਾਲ ਹੇਠਾਂ ਉਤਰ ਗਿਆ ਅਤੇ ਉਸ ’ਚ ਸਵਾਰ ਫਲਾਈਟ ਇੰਸਟ੍ਰਕਟਰ ਅਤੇ ਸਿਖਲਾਈ ਪਾਇਲਟ ਨੂੰ ਕੋਈ ਸੱਟ ਨਹੀਂ ਲੱਗੀ। ਪੁਲਿਸ ਸਾਰਜੈਂਟ ਜੇਸਨ ਮੈਕਲਿਮੰਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਚੈਂਡਲਰ ਸ਼ਹਿਰ ’ਚ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਜ਼ਮੀਨ ’ਤੇ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਪਰ ਹਵਾਈ ਅੱਡਾ ਕਈ ਘੰਟੇ ਤੱਕ ਬੰਦ ਰਿਹਾ।
ਚੈਂਡਲਰ ਦੇ ਫਾਇਰ ਵਿਭਾਗ ਨੂੰ ਸਵੇਰੇ 8 ਵਜੇ ਹਵਾਈ ਅੱਡੇ ਨੇੜੇ ਹਾਦਸੇ ਦੀ ਸੂਚਨਾ ਮਿਲੀ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਬਾਅਦ ਹੈਲੀਕਾਪਟਰ ’ਚ ਅੱਗ ਲੱਗ ਗਈ ਪਰ ਜਲਦ ਹੀ ਇਸ ’ਤੇ ਕਾਬੂ ਪਾ ਲਿਆ ਗਿਆ। ਫਾਇਰ ਫਾਈਟਰਜ਼ ਨੇ ਮਲਬੇ ਵਿਚੋਂ 2 ਲਾਸ਼ਾਂ ਕੱਢੀਆਂ। ਮਰਿਕੋਪਾ ਕਾਊਂਟੀ ਦਾ ਮੈਡੀਕਲ ਜਾਂ ਦਫ਼ਤਰ ਦੋਵਾਂ ਲਾਸ਼ਾਂ ਦੀ ਪਛਾਣ ਕਰੇਗਾ। ਚੈਂਡਲਰ ਪੁਲਿਸ ਦੇ ਮੈਕਲਿਮੰਸ ਮੁਤਾਬਕ ਹੈਲੀਕਾਪਟਰ ਦਾ ਸੰਚਾਲਨ ਕਵਾਂਟਮ ਹੈਲੀਕਾਪਟਰ ਅਤੇ ਜਹਾਜ਼ ਦਾ ਸੰਚਾਲਨ ‘ਫਲਾਈਟ ਆਪਰੇਸ਼ਨਜ਼ ਅਕੈਡਮੀ’ ਕਰ ਰਹੀ ਸੀ।
ਫਲਾਈਟ ਆਪਰੇਸ਼ਨਜ਼ ਅਕੈਡਮੀ ਦੇ ਮਾਲਕ ਰਿਚਰਡ ਬੇਨਗੋਆ ਨੇ ਦੱਸਿਆ ਕਿ 4 ਸੀਟਾਂ ਵਾਲੇ ਜਹਾਜ਼ ਦਾ ਇਸਤੇਮਾਲ ਸਿਖਲਾਈ ਉਡਾਣਾਂ ਲਈ ਹੁੰਦਾ ਹੈ। ਘਟਨਾ ਦੇ ਸਮੇਂ ਜਹਾਜ਼ ਵਿਚ ਸਿਰਫ਼ 2 ਲੋਕ ਸਵਾਰ ਸਨ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗਾ।

Share