ਫਿਲੌਰ ਪੁਲਿਸ ਅਕੈਡਮੀ ‘ਚ ਚਿੱਟਾ ਪੀਣ ਵਾਲੇ 5 ਕਾਂਸਟੇਬਲ ਗ੍ਰਿਫ਼ਤਾਰ

78
Share

-ਨਸ਼ੇ ਦੇ ਆਦੀ ਪੁਲਿਸ ਮੁਲਾਜ਼ਮਾਂ ਨੂੰ ਨਸ਼ਾ ਵੀ ਕਰਦੇ ਸਨ ਸਪਲਾਈ
ਫਿਲੌਰ, 23 ਮਈ (ਪੰਜਾਬ ਮੇਲ)- ਫਿਲੌਰ ਪੁਲਿਸ ਅਕੈਡਮੀ ‘ਚ ਨਸ਼ੇ ਦੇ ਕਾਰੋਬਾਰ ਦੀਆਂ ਕਾਲੀਆਂ ਪਰਤਾਂ ਦਿਨੋਂ-ਦਿਨ ਉਜਾਗਰ ਹੁੰਦੀਆਂ ਜਾ ਰਹੀਆਂ ਹਨ। ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤੇ ਗਏ ਸੀਨੀਅਰ ਇੰਸਟ੍ਰਕਟਰ ਸ਼ਕਤੀ ਕੁਮਾਰ ਅਤੇ ਗ੍ਰੇਡ 4 ਦੇ ਕਰਮਚਾਰੀ ਜੈਰਾਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਹਿਮ ਸੁਰਾਗ ਮਿਲੇ ਹਨ। ਇਸੇ ਮਾਮਲੇ ਵਿਚ ਪੰਜ ਹੋਰ ਕਾਂਸਟੇਬਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਨ੍ਹਾਂ ਦੀ ਪਛਾਣ ਸਿਪਾਹੀ ਕਮਲਜੀਤ ਸਿੰਘ ਨੰ: 723 ਤਰਨਤਾਰਨ, ਸਿਪਾਹੀ ਗੋਬਿੰਦ ਸਿੰਘ ਨੰ: 502 ਪੀ.ਪੀ.ਏ ਫਿਲੌਰ, ਸਿਪਾਹੀ ਅਮਨਦੀਪ ਸਿੰਘ ਨੰ: 448 ਪੀ.ਪੀ.ਏ ਫਿਲੌਰ, ਸਿਪਾਹੀ ਰਮਨਦੀਪ ਸਿੰਘ ਨੰ: 411 ਪੀ.ਪੀ.ਏ ਫਿਲੌਰ, ਸਿਪਾਹੀ ਹਰਪ੍ਰੀਤ ਸਿੰਘ ਨੰ: 462 ਪੀ.ਪੀ.ਏ. ਫਿਲੌਰ ਵਜੋਂ ਹੋਈ ਹੈ। ਅਕੈਡਮੀ ਵਿਚ ਇਹ ਪੰਜੇ ਖੁਦ ਨਸ਼ੇ ਦੇ ਆਦੀ ਸਨ ਅਤੇ ਨਸ਼ੇ ਦੇ ਆਦੀ ਪੁਲਿਸ ਮੁਲਾਜ਼ਮਾਂ ਨੂੰ ਵੀ ਨਸ਼ਾ ਸਪਲਾਈ ਕਰਦੇ ਸਨ। ਫਿਲੌਰ ਪੁਲਿਸ ਨੇ ਨਿਧੀ ਪਤਨੀ ਗੁਰਦੀਪ ਮੁੱਛੂ ਵਾਸੀ ਪਿੰਡ ਜੰਪਦੋਹਾ, ਜਗਤਪੁਰਾ ਨੂੰ 42 ਗ੍ਰਾਮ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ। ਨਿਧੀ ਨੇ ਪੁਲਿਸ ਦੇ ਸਾਹਮਣੇ ਕਬੂਲ ਕੀਤਾ ਕਿ ਉਸਨੇ ਸ਼ਕਤੀ ਅਤੇ ਜੈਰਾਮ ਨੂੰ ਚਿੱਟਾ ਵੀ ਸਪਲਾਈ ਕੀਤਾ ਸੀ।
ਪੁਲਿਸ ਸੂਤਰਾਂ ਅਨੁਸਾਰ ਇਨ੍ਹਾਂ ਸਿਪਾਹੀਆਂ ਅਤੇ ਸਾਥੀਆਂ ਤੋਂ ਇਲਾਵਾ ਹੋਰ ਵੀ ਕਈ ਪੁਲਿਸ ਮੁਲਾਜ਼ਮ ਅਕੈਡਮੀ ਵਿਚ ਨਸ਼ਾ ਕਰਦੇ ਹਨ। ਡੋਪ ਟੈਸਟ ਕਰਵਾਉਣ ਤੋਂ ਬਾਅਦ ਹੀ ਉਸ ਦੀ ਪਛਾਣ ਹੋਵੇਗੀ। ਇਸ ਮਾਮਲੇ ‘ਚ ਬਣਾਈ ਗਈ ਜਾਂਚ ਕਮੇਟੀ ‘ਚ ਦਰਜਨ ਭਰ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਸਨ, ਜੋ ਨਾ ਸਿਰਫ ਨਸ਼ਾ ਕਰਦੇ ਸਨ, ਸਗੋਂ ਨਸ਼ਾ ਸਪਲਾਈ ਵੀ ਕਰਦੇ ਸਨ ਪਰ ਅੱਜ ਤੱਕ ਉਨ੍ਹਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ ਅਤੇ ਨਾ ਹੀ ਕੋਈ ਕਾਰਵਾਈ ਹੋਈ ਹੈ।
10 ਮਈ ਨੂੰ ਜਦੋਂ ਕਾਂਸਟੇਬਲ ਰਮਨਦੀਪ ਸਿੰਘ ਦੀ ਸ਼ਿਕਾਇਤ ‘ਤੇ ਸ਼ਕਤੀ ਕੁਮਾਰ ਅਤੇ ਜੈਰਾਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ, ਤਾਂ ਮੁਲਜ਼ਮਾਂ ਨੂੰ ਸਿੱਧੇ ਜੇਲ੍ਹ ਭੇਜ ਦਿੱਤਾ ਗਿਆ। ਬਾਅਦ ‘ਚ ਮਾਮਲੇ ਨੇ ਤੂਲ ਫੜ ਲਈ, ਤਾਂ ਪੁਲਿਸ ਨੇ ਦੋਵਾਂ ਨੂੰ ਰਿਮਾਂਡ ‘ਤੇ ਲੈ ਲਿਆ।


Share