ਫਿਲੀਪੀਨਜ਼ ’ਚ 6.7 ਤਬਰਤਾ ਦੇ ਭੂਚਾਲ ਦੇ ਲੱਗੇ ਤੇਜ਼ ਝਟਕੇ

739
Share

ਮਨੀਲਾ, 24 ਜੁਲਾਈ (ਪੰਜਾਬ ਮੇਲ)- ਫਿਲੀਪੀਨਜ਼ ਵਿਚ ਸ਼ਨੀਵਾਰ ਸਵੇਰੇ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਆਉਂਦੇ ਹੀ ਲੋਕ ਘਬਰਾ ਗਏ ਅਤੇ ਆਪਣੇ ਘਰਾਂ ਤੋਂ ਬਾਹਰ ਆ ਗਏ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 6.7 ਸੀ। ਹਾਲਾਂਕਿ, ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਅਤੇ ਸੁਨਾਮੀ ਦੀ ਕੋਈ ਸੰਭਾਵਨਾ ਨਹੀਂ ਹੈ।
ਫਿਲੀਪੀਨਜ਼ ਦੇ ਰਾਸ਼ਟਰੀ ਭੂਚਾਲ ਕੇਂਦਰ ਨੇ ਕਿਹਾ ਕਿ 6.7 ਤੀਬਰਤਾ ਦਾ ਭੂਚਾਲ ਲੁਜ਼ੋਨ ਦੇ ਮੁੱਖ ਟਾਪੂ ਵਿਚ ਸਵੇਰੇ 4:48 ’ਤੇ ਆਇਆ। ਇਸ ਦਾ ਕੇਂਦਰ ਧਰਤੀ ਤੋਂ ਹੇਠਾਂ 112 ਕਿਲੋਮੀਟਰ ਅੰਦਰ ਸੀ। ਇਸ ਦੇ ਕੁਝ ਮਿੰਟਾਂ ਬਾਅਦ ਉਸੇ ਖੇਤਰ ਵਿਚ 5.8 ਤੀਬਰਤਾ ਦਾ ਭੂਚਾਲ ਆਇਆ।
ਬਟਾਂਗਸ ਸੂਬੇ ਦੇ ਇਕ ਪੁਲਿਸ ਅਧਿਕਾਰੀ ਰੌਨੀ ਓਰੇਲਾਨਾ ਨੇ ਕਿਹਾ ਕਿ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਬਹੁਤ ਜ਼ਿਆਦਾ ਤੀਬਰਤਾ ਵਾਲਾ ਭੂਚਾਲ ਸੀ। ਭੂਚਾਲ ਕਾਰਨ ਲੋਕ ਦਹਿਸ਼ਤ ’ਚ ਆ ਗਏ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ’ਚ ਆਏ ਦਿਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਇਥੋਂ ਦੇ ਵਸਨੀਕ ਇਸ ਦੇ ਆਦੀ ਹਨ।

Share