ਸੈਕਰਾਮੈਂਟੋ 7 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਫਿਲਾਡੈਲਫੀਆ ਦੇ ਫੇਅਰਮਾਊਂਟ ਖੇਤਰ ਵਿਚ ਇਕ ਘਰ ਨੂੰ ਲੱਗੀ ਅੱਗ ਵਿਚ 12 ਵਿਅਕਤੀਆਂ ਦੀ ਸੜਨ ਨਾਲ ਮੌਤ ਹੋ ਗਈ ਜਿਨ੍ਹਾਂ ਵਿਚ 8 ਬੱਚੇ ਸ਼ਾਮਿਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਘਰ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ ਜੋ ਅੱਗ ਨਾਲ ਸੜਕੇ ਸੁਆਹ ਹੋ ਗਿਆ। ਫਿਲਾਡੈਲਫੀਆ ਦੇ ਡਿਪਟੀ ਫਾਇਰ ਕਮਿਸ਼ਨਰ ਕਰੈਗ ਮਰਫੀ ਮੌਕੇ ਉਪਰ ਪੁੱਜੇ ਜਿਥੇ ਉਨ੍ਹਾਂ ਕਿਹਾ ਕਿ ਸੰਭਾਵੀ ਤੌਰ ‘ਤੇ ਇਹ ਅੱਗ ਲੱਗਣ ਦੀਆਂ ਵਾਪਰੀਆਂ ਭਿਆਨਕ ਘਟਨਾਵਾਂ ਵਿਚੋਂ ਇਕ ਹੈ। ਅੱਗ ਬੁਝਾਊ ਅਮਲੇ ਦੇ ਮੈਂਬਰਾਂ ਨੂੰ ਅੱਗ ਉਪਰ ਕਾਬੂ ਪਾਉਣ ਲਈ ਭਾਰੀ ਜਦੋਜਹਿਦ ਕਰਨੀ ਪਈ। ਮਰਫੀ ਨੇ ਦੱਸਿਆ ਕਿ 8 ਵਿਅਕਤੀ ਕਿਸੇ ਤਰਾਂ ਆਪਣੇ ਆਪ ਨੂੰ ਬਚਾਉਣ ਵਿਚ ਸਫਲ ਰਹੇ। ਮੇਅਰ ਜਿਮ ਕੈਨੀ ਨੇ ਕਿਹਾ ਹੈ ਬਿਨਾਂ ਸ਼ੱਕ ਇਹ ਬੇਹੱਦ ਦੁੱਖਦਾਈ ਦਿਨ ਹੈ ਜਿਸ ਦਿਨ ਬਹੁਤ ਹੀ ਦਰਦਮਈ ਤਰੀਕੇ ਨਾਲ 12 ਮੌਤਾਂ ਹੋਈਆਂ ਜਿਨ੍ਹਾਂ ਵਿਚ ਛੋਟੇ ਬੱਚੇ ਵੀ ਸ਼ਾਮਿਲ ਸਨ।