ਫਿਲਾਡੈਲਫੀਆ ਦੇ ਇਕ ਹਾਈ ਸਕੂਲ ਦੇ ਪਿਛਵਾੜੇ ਚੱਲੀਆਂ ਗੋਲੀਆਂ ਦੌਰਾਨ ਇਕ ਨਬਾਲਗ ਦੀ ਮੌਤ; 3 ਜ਼ਖਮੀ

51
Share

ਸੈਕਰਾਮੈਂਟੋ, 28 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫਿਲਾਡੈਲਫੀਆ ਰਾਜ ਦੇ ਇਕ ਹਾਈ ਸਕੂਲ ਦੇ ਪਿਛਲੇ ਪਾਸੇ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗੋਲੀਬਾਰੀ ’ਚ ਇਕ 14 ਸਾਲਾ ਲੜਕੇ ਦੀ ਮੌਤ ਹੋ ਗਈ ਤੇ 3 ਹੋਰ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਰੌਕਸਬਰਗ ਹਾਈ ਸਕੂਲ ਦੇ ਪਿਛਵਾੜੇ ਸ਼ਾਮ ਵੇਲੇ ਤਕਰੀਬਨ 4.41 ਵਜੇ ਫੁੱਟਬਾਲ ਖਿਡਾਰੀਆਂ ਨਾਲ ਕੁਝ ਲੋਕਾਂ ਦਾ ਝਗੜਾ ਹੋਇਆ। ਇੰਨੇ ਨੂੰ ਇਕ ਕਾਰ ਵਿਚ ਕੁਝ ਅਣਪਛਾਤੇ ਵਿਅਕਤੀ ਆਏ ਤੇ ਉਹ ਗੋਲੀਆਂ ਚਲਾ ਕੇ ਫਰਾਰ ਹੋ ਗਏ। ਫਿਲਾਡੈਲਫੀਆ ਪੁਲਿਸ ਦੇ ਅਫਸਰ ਤਾਨੀਆ ਲਿਟਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਵਿਸ਼ਵਾਸ਼ ਹੈ ਕਿ ਮਿ੍ਰਤਕ ਤੇ ਜ਼ਖਮੀ ਹੋਏ ਸਾਰੇ ਲੋਕ ਨਬਾਲਗ ਸਨ ਤੇ ਉਹ ਫੁੱਟਬਾਲ ਟੀਮ ਦੇ ਮੈਂਬਰ ਸਨ। ਇਕ 14 ਸਾਲਾ ਲੜਕੇ ਨੂੰ ਮੌਕੇ ਉਪਰ ਹੀ ਮਿ੍ਰਤਕ ਐਲਾਨ ਦਿੱਤਾ ਗਿਆ, ਜਦਕਿ ਦੋ ਹੋਰ 14 ਸਾਲਾ ਤੇ 17 ਸਾਲਾ ਲੜਕੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਸਥਿਰ ਹੈ। ਇਕ ਹੋਰ ਲੜਕੇ ਨੂੰ ਹਸਪਤਾਲ ਲਿਜਾਇਆ ਗਿਆ ਹੈ ਪਰੰਤੂ ਉਸ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨੇ ਹੋਰ ਕਿਹਾ ਹੈ ਕਿ ਮਾਮਲਾ ਜਾਂਚ ਅਧੀਨ ਹੈ ਤੇ ਅਜੇ ਤੱਕ ਇਸ ਮਾਮਲੇ ਵਿਚ ਕੋਈ ਗਿ੍ਰਫਤਾਰੀ ਨਹੀਂ ਹੋਈ।

Share