ਫਿਰਕੂ ਹਿੰਸਾ ਦੀਆਂ ਵਾਪਰੀਆਂ ਘਟਨਾਵਾਂ ’ਤੇ ਵਿਰੋਧੀ ਧਿਰਾਂ ਦੇ 13 ਆਗੂਆਂ ਵੱਲੋਂ ਚਿੰਤਾ ਜ਼ਾਹਿਰ

71
Share

-ਮੋਦੀ ਦੀ ਖਾਮੋਸ਼ੀ ’ਤੇ ਵੀ ਵਿਰੋਧੀ ਆਗੂਆਂ ਨੇ ਚੁੱਕੇ ਸਵਾਲ
* ਆਗੂਆਂ ਵੱਲੋਂ ਜ਼ਹਿਰੀਲੀ ਵਿਚਾਰਧਾਰਾ ਦੇ ਟਾਕਰੇ ਦਾ ਅਹਿਦ
ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਮੇਲ)- ਦੇਸ਼ ’ਚ ਕੁਝ ਦਿਨ ਪਹਿਲਾਂ ਨਫ਼ਰਤੀ ਭਾਸ਼ਨਾਂ ਅਤੇ ਫਿਰਕੂ ਹਿੰਸਾ ਦੀਆਂ ਵਾਪਰੀਆਂ ਘਟਨਾਵਾਂ ਉਪਰ ਵਿਰੋਧੀ ਧਿਰਾਂ ਦੇ 13 ਆਗੂਆਂ ਨੇ ਚਿੰਤਾ ਪ੍ਰਗਟਾਉਂਦਿਆਂ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਸਮੇਤ ਹੋਰ ਆਗੂਆਂ ਨੇ ਸਾਂਝੇ ਬਿਆਨ ’ਚ ਹੁਕਮਰਾਨ ਧਿਰ ਵੱਲੋਂ ਸਮਾਜ ਨੂੰ ਵੰਡਣ ਲਈ ਭੋਜਨ, ਪਹਿਰਾਵਾ, ਧਰਮ, ਤਿਉਹਾਰ ਅਤੇ ਭਾਸ਼ਾ ਨਾਲ ਸਬੰਧਤ ਮੁੱਦਿਆਂ ਦੀ ਵਰਤੋਂ ਕਰਨ ’ਤੇ ਵੀ ਚਿੰਤਾ ਜਤਾਈ। ਸਾਂਝੇ ਬਿਆਨ ’ਚ ਇਨ੍ਹਾਂ ਆਗੂਆਂ ਨੇ ਕਿਹਾ, ‘‘ਅਸੀਂ ਪ੍ਰਧਾਨ ਮੰਤਰੀ ਦੀ ਖਾਮੋਸ਼ੀ ’ਤੇ ਹੈਰਾਨ ਹਾਂ, ਜੋ ਅਜਿਹੇ ਲੋਕਾਂ ਖ਼ਿਲਾਫ਼ ਕੁਝ ਵੀ ਬੋਲਣ ’ਚ ਨਾਕਾਮ ਰਹੇ ਹਨ, ਜਿਨ੍ਹਾਂ ਦੇ ਸ਼ਬਦਾਂ ਅਤੇ ਕਾਰਿਆਂ ਨਾਲ ਕੱਟੜਤਾ ਫੈਲਾਉਣ ਤੇ ਸਮਾਜ ਨੂੰ ਭੜਕਾਉਣ ਦਾ ਕੰਮ ਹੋ ਰਿਹਾ ਹੈ। ਇਹ ਖਾਮੋਸ਼ੀ ਇਸ ਗੱਲ ਦੀ ਗਵਾਹੀ ਹੈ ਕਿ ਅਜਿਹੀ ਨਿੱਜੀ ਹਥਿਆਰਬੰਦ ਭੀੜ ਨੂੰ ਅਧਿਕਾਰਤ ਸਰਪ੍ਰਸਤੀ ਹਾਸਲ ਹੈ।’’ ਇਕਜੁੱਟ ਹੋ ਕੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਆਪਣਾ ਸਾਂਝਾ ਅਹਿਦ ਦੁਹਰਾਉਂਦਿਆਂ ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ, ‘‘ਅਸੀਂ ਉਸ ਜ਼ਹਿਰੀਲੀ ਵਿਚਾਰਧਾਰਾ ਨਾਲ ਮੁਕਾਬਲਾ ਕਰਨ ਸਬੰਧੀ ਆਪਣੇ ਅਹਿਦ ਨੂੰ ਦੁਹਰਾਉਂਦੇ ਹਾਂ, ਜੋ ਸਾਡੇ ਸਮਾਜ ’ਚ ਪਾੜੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।’’ ਸਾਂਝੀ ਅਪੀਲ ਕਰਦਿਆਂ ਸਾਰੇ ਵਰਗਾਂ ਦੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਅਜਿਹੇ ਲੋਕਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਾ ਹੋਣ ਦੇਣ, ਜੋ ਫਿਰਕੂ ਵੰਡੀਆਂ ਨੂੰ ਹੋਰ ਫੈਲਾਉਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ 10 ਅਪ੍ਰੈਲ ਨੂੰ ਰਾਮ ਨੌਮੀ ਮੌਕੇ ਮੁਲਕ ਦੇ ਕੁਝ ਹਿੱਸਿਆਂ ’ਚ ਫਿਰਕੂ ਹਿੰਸਾ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਉਨ੍ਹਾਂ ਕਿਹਾ ਕਿ ਨਫ਼ਰਤ ਫੈਲਾਉਣ ਲਈ ਸੋਸ਼ਲ ਮੀਡੀਆ ਅਤੇ ਹੋਰ ਆਡੀਓ-ਵਿਜ਼ੁਅਲ ਪਲੈਟਫਾਰਮਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਸਾਂਝੇ ਬਿਆਨ ’ਤੇ ਦਸਤਖ਼ਤ ਕਰਨ ਵਾਲਿਆਂ ’ਚ ਸੀ.ਪੀ.ਐੱਮ. ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ, ਆਰ.ਜੇ.ਡੀ. ਆਗੂ ਤੇਜਸਵੀ ਯਾਦਵ, ਸੀ.ਪੀ.ਆਈ. ਦੇ ਜਨਰਲ ਸਕੱਤਰ ਡੀ ਰਾਜਾ, ਆਲ ਇੰਡੀਆ ਫਾਰਵਰਡ ਬਲਾਕ ਦੇ ਜਨਰਲ ਸਕੱਤਰ ਦੇਬਬ੍ਰਤ ਬਿਸਵਾਸ, ਆਰ.ਐੱਸ.ਪੀ. ਦੇ ਜਨਰਲ ਸਕੱਤਰ ਮਨੋਜ ਭੱਟਾਚਾਰੀਆ, ਸੀ.ਪੀ.ਆਈ. (ਐੱਮ.ਐੱਲ.-ਲਿਬਰੇਸ਼ਨ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਸ਼ਾਮਲ ਹਨ।

Share