ਫਿਰਕੂ ਟਿੱਪਣੀਆਂ ਦੇ ਦੋਸ਼ ਹੇਠ ਮੁਹੰਮਦ ਮੁਸਤਫਾ ਖ਼ਿਲਾਫ਼ ਕੇਸ ਦਰਜ

139
Share

ਸਾਬਕਾ ਡੀ.ਜੀ.ਪੀ. ਵੱਲੋਂ ਦੋਸ਼ਾਂ ਤੋਂ ਇਨਕਾਰ
ਮਾਲੇਰਕੋਟਲਾ, 24 ਜਨਵਰੀ (ਪੰਜਾਬ ਮੇਲ)- ਸਥਾਨਕ ਸਰਹਿੰਦੀ ਦਰਵਾਜ਼ੇ ਨੇੜੇ ਕਾਂਗਰਸ ਉਮੀਦਵਾਰ ਰਜ਼ੀਆ ਸੁਲਤਾਨਾ ਦੇ ਹੱਕ ’ਚ ਵੀਰਵਾਰ ਨੂੰ ਹੋਈ ਮੀਟਿੰਗ ਦੌਰਾਨ ਕਥਿਤ ਤੌਰ ’ਤੇ ਫਿਰਕੂ ਟਿੱਪਣੀਆਂ ਕਰਨ ਦੇ ਦੋਸ਼ ਹੇਠ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਖ਼ਿਲਾਫ਼ ਧਾਰਾ 153ਏ ਅਤੇ 125 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋ ਰਹੀ ਹੈ।¿;
ਮੁਸਤਫਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁੱਖ ਰਣਨੀਤਕ ਸਲਾਹਕਾਰ ਹਨ। ਵਿਵਾਦਤ ਬਿਆਨ ਦੇਣ ਕਾਰਨ ਭਾਰਤੀ ਜਨਤਾ ਪਾਰਟੀ ਸਣੇ ਹੋਰ ਸਿਆਸੀ ਪਾਰਟੀਆਂ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਵੀ ਕੀਤੀ ਹੈ। ਉਂਜ ਰਜ਼ੀਆ ਸੁਲਤਾਨਾ ਦੇ ਪਤੀ ਮੁਸਤਫਾ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਮਾਲੇਰਕੋਟਲਾ ਦੀ ਐੱਸ.ਐੈੱਸ.ਪੀ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਮਾਲੇਰਕੋਟਲਾ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਚੋਣਾਂ ਅਮਨੋ-ਅਮਾਨ ਨਾਲ ਨੇਪਰੇ¿; ਚਾੜ੍ਹੀਆਂ ਜਾਣਗੀਆਂ।¿;
ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਨੇ ਕਿਹਾ ਕਿ ਉਨ੍ਹਾਂ ਅਜਿਹਾ ਕੁਝ ਨਹੀਂ ਕਿਹਾ, ਜਿਸ ਨਾਲ ਕਿਸੇ ਭਾਈਚਾਰੇ ਨੂੰ ਕੋਈ ਠੇਸ ਪਹੁੰਚਦੀ ਹੋਵੇ ਜਾਂ ਦੋ ਤਬਕਿਆਂ ਵਿਚ ਕੋਈ ਤਣਾਅ ਜਾਂ ਨਫ਼ਰਤ ਪੈਦਾ ਹੁੰਦੀ ਹੋਵੇ। ਮੁਸਤਫਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਕਾਂਗਰਸ ਦੀ ਚੋਣ ਮੀਟਿੰਗ ’ਚ ਖ਼ਲਲ ਪਾਉਣ ਵਾਲਿਆਂ ਲਈ ਫ਼ਿਤਨੇ (ਸ਼ਰਾਰਤੀ ਅਨਸਰ) ਸ਼ਬਦ ਵਰਤਿਆ ਸੀ, ਨਾ ਕਿ ਕਿਸੇ ਵਰਗ ਜਾਂ ਧਰਮ ਵਿਸ਼ੇਸ਼ ਖ਼ਿਲਾਫ਼ ਕੋਈ ਸ਼ਬਦ ਵਰਤਿਆ ਹੈ। ਉਨ੍ਹਾਂ ਕਿਹਾ ਕਿ ਉਹ ਪੱਕੇ ਦੇਸ਼ਭਗਤ ਅਤੇ ਦੇਸ਼ ਅੰਦਰ ਧਾਰਮਿਕ ਏਕਤਾ ਤੇ ਸਦਭਾਵਨਾ ਦੇ ਮੁਦੱਈ ਹਨ। ਉਨ੍ਹਾਂ ਪੁਲਿਸ ਵਿਭਾਗ ਵਿਚ ਨਿਭਾਈਆਂ ਸੇਵਾਵਾਂ ਬਦਲੇ ਮਿਲੇ ਵੱਕਾਰੀ ਪੁਰਸਕਾਰ ਦੀ ਮਿਸਾਲ ਵੀ ਦਿੱਤੀ। ਮੁਸਤਫ਼ਾ ਨੇ ਕਿਹਾ ਕਿ ਉਨ੍ਹਾਂ ਭਾਸ਼ਣ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਸੀ, ਜਿਨ੍ਹਾਂ ਉਸ ਨਾਲ ਖਿੱਚ-ਧੂਹ ਦੀ ਕੋਸ਼ਿਸ਼ ਕੀਤੀ ਸੀ।

Share