ਫਾਰਮਾਸਿਊਟਲ ਕੰਪਨੀ ਦੇ ਸੀ ਈ ਓ ਭਾਰਤੀ ਮੂਲ ਦੇ ਅਮਰੀਕੀ ਦੀ ਲੁੱਟਮਾਰ ਦੀ ਕੋਸ਼ਿਸ਼ ਦੌਰਾਨ ਹੱਤਿਆ

319
Share

ਸੈਕਰਾਮੈਂਟੋ, 1 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਭਾਰਤੀ ਮੂਲ ਦੇ ਅਮਰੀਕੀ ਸ੍ਰੀ ਰੰਗਾ ਅਰਾਵਾਪਾਲੀ ਜੋ ਇਕ ਫਾਰਮਾਸਿਊੁਟਲ ਕੰਪਨੀ ਦੇ ਸੀ ਈ ਓ ਸਨ, ਦੀ ਲੁੱਟਮਾਰ ਦੌਰਾਨ ਲੁਟੇਰੇ ਨੇ ਹੱਤਿਆ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ 54 ਸਾਲਾ ਅਰਾਵਾਪਾਲੀ ਔਰੈਕਸ ਲੈਬਾਰਟਰੀ ਦੇ ਮੁੱਖੀ ਸਨ। ਉਸ ਨੇ ਪੈਨਸਿਲਵਾਨੀਆ ਵਿਚ ਇਕ ਕੋਸੀਨੋ ਤੋਂ 10000 ਡਾਲਰ ਜਿੱਤੇ ਸਨ। ਜਦੋਂ ਉਹ ਨਿਊਜਰਸੀ ਵਿਚ ਪਲੇਨਸਬੋਰੋ ਵਿਖੇ ਆਪਣੇ ਘਰ ਪੁੱਜਾ ਤਾਂ ਲੁਟੇਰੇ ਨੇ ਉਸ ਨੂੰ ਗੋਲੀ ਮਾਰ ਦਿੱਤੀ। ਪਲੇਨਸਬੋਰੋ ਦੇ ਪੁਲਿਸ ਮੁੱਖੀ ਫਰੈਡ ਟਾਵੈਨਰ ਤੇ ਕਾਊਂਟੀ ਦੇ ਵਕੀਲ ਯੋਲਾਂਡਾ ਸਿਸਕੋਨ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਕਥਿੱਤ ਹਤਿਆਰੇ 27 ਸਾਲਾ ਜੇਕਈ ਰੀਡ ਜੌਹਨ ਨੇ ਅਰਾਵਾਪਾਲੀ ਦਾ ਉਸ ਦੇ ਘਰ ਤੱਕ ਪਿੱਛਾ ਕੀਤਾ। ਪੁਲਿਸ ਅਧਿਕਾਰੀਆਂ ਅਨੁਸਾਰ ਗੋਲੀ ਚੱਲਣ ਦੀ ਸੂਚਨਾ ਮਿਲਣ ‘ਤੇ ਜਦੋਂ ਪੁਲਿਸ ਮੌਕੇ ਉਪਰ ਪੁੱਜੀ ਤਾਂ ਅਰਾਵਾਪਾਲੀ ਜਖਮੀ ਹਾਲਤ ਵਿਚ ਮਿਲਿਆ। ਉਸ ਦੇ ਗੋਲੀਆਂ ਦੇ ਕਈ ਜ਼ਖਮ ਸਨ। ਉਸ ਨੂੰ ਨਾਲ ਲੱਗਦੇ ਹਸਪਤਾਲ ਵਿਚ ਲੈਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਂਚ ਉਪਰੰਤ ਪਤਾ ਲੱਗਾ ਕਿ ਰੀਡ ਜੌਹਨ ਨੇ ਲੁੱਟ ਦੀ ਨੀਅਤ ਨਾਲ ਅਰਾਵਾਪਾਲੀ ਨੂੰ ਗੋਲੀ ਮਾਰੀ ਹੈ। ਅਰਾਵਾਪਾਲੀ ਨੇ ਪੈਨਸਿਲਵਾਨੀਆ ਵਿਚ ਪਰਾਕਸ ਕੈਸੀਨੋ ਵਿਚ 10000 ਡਾਲਰ ਦੇ ਕਰੀਬ ਜਿੱਤੇ ਸਨ। ਜੌਹਨ ਰੀਡ ਨੇ ਉਸ ਨੂੰ ਨਕਦ ਡਾਲਰ ਜਿੱਤਦਿਆਂ ਵੇਖ ਲਿਆ ਸੀ। ਉਸ ਨੇ ਅਰਾਵਾਪਾਲੀ ਦਾ ਪਲੇਨਸਬੋਰੋ ਸਥਿੱਤ ਘਰ ਤੱਕ 50 ਕਿਲੋਮੀਟਰ ਤੱਕ ਪਿੱਛਾ ਕੀਤਾ। ਪੁਲਿਸ ਅਨੁਸਾਰ ਅਰਾਵਾਪਾਲੀ ਆਪਣੇ ਘਰ ਵਿਚ ਦਾਖਲ ਹੋਇਆ ਤਾਂ ਜੌਹਨ ਪਿਛਲਾ ਦਰਵਾਜ਼ਾ ਤੋੜਕੇ ਅੰਦਰ ਦਾਖਲ ਹੋ ਗਿਆ ਤੇ ਉਸ ਨੇ ਅਰਾਵਾਪਾਲੀ ਉਪਰ ਗੋਲੀਆਂ ਚਲਾ ਦਿੱਤੀਆਂ। ਘਟਨਾ ਸਮੇ ਅਰਾਵਾਪਾਲੀ ਦੀ ਪਤਨੀ ਤੇ ਧੀ ਉਪਰਲੀ ਮੰਜਿਲ ‘ਤੇ ਸੌਂ ਰਹੀਆਂ ਸਨ। ਪੈਨਸਿਲਵਾਨੀਆ ਵਿਚ ਸਥਾਨਕ ਪੁਲਿਸ ਅਧਿਕਾਰੀਆਂ ਨੇ ਜੌਹਨ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਹੱਤਿਆ ਦੇ ਦੋਸ਼ ਲਾਏ ਹਨ। ਉਸ ਨੂੰ ਨਿਊਜਰਸੀ ਦੇ ਹਵਾਲੇ ਕੀਤਾ ਜਾਵੇਗਾ। ਮ੍ਰਿਤਕ ਅਰਾਵਾਪਾਲੀ 2014 ਤੋਂ ਔਰੈਕਸ ਲੈਬਾਰਟਰੀ ਦੇ ਮੁੱਖੀ ਵਜੋਂ ਤਾਇਨਾਤ ਸਨ।


Share