ਫਾਈਜ਼ਰ ਦੀ ਵੈਕਸੀਨ ਦੇ ਅੰਤਿਮ ਟ੍ਰਾਇਲ ‘ਚ ਆਏ 95 ਫੀਸਦੀ ਅਸਰਦਾਰ ਨਤੀਜੇ

478
Share

ਵਾਸ਼ਿੰਗਟਨ, 19 ਨਵੰਬਰ (ਪੰਜਾਬ ਮੇਲ)-ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡੀ ਖਬਰ ਆਈ ਹੈ। ਸਭ ਤੋਂ ਪਹਿਲਾਂ ਸਫਲ ਕੋਰੋਨਾ ਵੈਕਸੀਨ ਬਣਾਉਣ ਦਾ ਦਾਅਵਾ ਕਰਨ ਵਾਲੀ ਕੰਪਨੀ ਫਾਈਜ਼ਰ ਦੀ ਵੈਕਸੀਨ ਦੇ ਅੰਤਿਮ ਟ੍ਰਾਇਲ ‘ਚ 95 ਫੀਸਦੀ ਸਫਲ ਨਤੀਜੇ ਸਾਹਮਣੇ ਆਏ ਹਨ। ਕੰਪਨੀ ਦੇ ਇਹ ਨਤੀਜੇ ਪਹਿਲੀ ਡੋਜ਼ ਦੇਣ ਤੋਂ 28 ਦਿਨ ਬਾਅਦ ਆਏ। ਕੰਪਨੀ ਦਾ ਦਾਅਵਾ ਹੈ ਕਿ ਵੈਕਸੀਨ ਟ੍ਰਾਇਲ ਦੀ ਪ੍ਰਕਿਰਿਆ ਵਿਚ 170 ਕੋਰੋਨਾ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਅਮਰੀਕੀ ਕੰਪਨੀ ਫਾਈਜ਼ਰ ਨੇ ਜਰਮਨ ਦੀ ਕੰਪਨੀ ਬਾਇਓਐਨਟੈੱਕ ਨਾਲ ਮਿਲ ਕੇ ਇਹ ਵੈਕਸੀਨ ਬਣਾਈ ਹੈ। ਇਸ ਪਿੱਛੋਂ ਕੰਪਨੀ ਇਸ ਵੈਕਸੀਨ ਨੂੰ ਅਮਰੀਕਾ ਦੀ ਡਰੱਗ ਰੈਗੂਲੇਟਰੀ ਏਜੰਸੀ ਐੱਫ.ਡੀ.ਏ. ਅਤੇ ਈ.ਯੂ.ਏ. ਨਾਲ ਸ਼ੇਅਰ ਕਰੇਗੀ। ਇਸ ਦੇ ਨਾਲ ਹੀ ਇਸ ਵੈਕਸੀਨ ਨੂੰ ਸਮੁੱਚੀ ਦੁਨੀਆਂ ਨੂੰ ਡਰੱਗ ਮਾਨੀਟਰਿੰਗ ਏਜੰਸੀਆਂ ਕੋਲ ਪ੍ਰਵਾਨਗੀ ਲਈ ਭੇਜੇਗੀ।
ਫਾਈਜ਼ਰ ਦਾ ਦਾਅਵਾ ਹੈ ਕਿ ਕੰਪਨੀ ਇਸ ਸਾਲ ਦੇ ਅੰਤ ਤੱਕ ਵੈਕਸੀਨ ਦੀ 50 ਮਿਲੀਅਨ ਡੋਜ਼ ਤਿਆਰ ਕਰ ਲਵੇਗੀ, ਜਦੋਂਕਿ 2021 ਦੇ ਅੰਤ ਤੱਕ ਉਹ 130 ਕਰੋੜ ਡੋਜ਼ ਦੁਨੀਆਂ ‘ਚ ਮੁਹੱਈਆ ਕਰਵਾ ਸਕਦੀ ਹੈ। ਕੰਪਨੀ ਨੇ ਕਿਹਾ ਹੈ ਕਿ ਸਮੁੱਚੀ ਦੁਨੀਆਂ ਵਿਚ ਫੈਲੇ ਉਸ ਦੇ ਮੂਲ ਢਾਂਚੇ ਅਤੇ ਕੋਲਡ ਚੇਨ ਰਾਹੀਂ ਉਹ ਇਸ ਨੂੰ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਆਸਾਨੀ ਨਾਲ ਅਤੇ ਜਲਦੀ ਤੋਂ ਜਲਦੀ ਮੁਹੱਈਆ ਕਰਵਾ ਸਕੇਗੀ।
ਉਥੇ ਹੀ ਅਮਰੀਕਾ ‘ਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਨੂੰ ਧਿਆਨ ‘ਚ ਰੱਖਦਿਆਂ ਇਕ ਵਾਰ ਮੁੜ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਰਿਪਬਲੀਕਨ ਗਵਰਨਰਾਂ ਨੇ ਮਾਸਕ ਪਹਿਨਣਾ ਜ਼ਰੂਰੀ ਕਰਾਰ ਦੇ ਦਿੱਤਾ ਹੈ। ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਦੀ ਯੋਜਨਾ ਮੁਲਤਵੀ ਕੀਤੀ ਜਾ ਰਹੀ ਹੈ। ਕਈ ਲੋਕ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਨਿਯਮਾਂ ਦੇ ਪਿੱਛੇ ਦੇ ਵਿਗਿਆਨ ‘ਤੇ ਸਵਾਲ ਉਠਾ ਰਹੇ ਹਨ। ਲੋਕਾਂ ਵਿਚ ਇਸ ਗੱਲ ਦਾ ਡਰ ਹੈ ਕਿ ਇਕ ਵਾਰ ਮੁੜ ਪਾਬੰਦੀਆਂ ਲਾਏ ਜਾਣ ਕਾਰਣ ਉਨ੍ਹਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ।


Share