ਫਾਂਸੀ ‘ਤੇ ਲਟਕਾਏ ਗਏ ਨਿਰਭਿਆ ਦੇ ਦੋਸ਼ੀ

719
Share

ਨਵੀਂ ਦਿੱਲੀ , 20 ਮਾਰਚ (ਪੰਜਾਬ ਮੇਲ)-  – ਸਾਲ 2012 ‘ਚ ਰਾਜਧਾਨੀ ਦਿੱਲੀ ‘ਚ ਹੋਏ ਨਿਰਭਿਆ ਗੈਂਗਰੇਪ ਕਾਂਡ ਚ ਅੱਜ ਕਰੀਬ 7 ਸਾਲ ਬਾਅਦ ਇਨਸਾਫ ਹੋਇਆ ਹੈ। ਤਿਹਾੜ ਜੇਲ ਦੇ ਫਾਂਸੀ ਘਰ ‘ਚ ਸ਼ੁੱਕਰਵਾਰ ਸਵੇਰੇ ਠੀਕ 5.30 ਵਜੇ ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ। ਨਿਰਭਿਆ ਦੇ ਚਾਰੇ ਦੋਸ਼ੀ ਵਿਨੇ, ਅਕਸ਼ੈ, ਮੁਕੇਸ਼ ਅਤੇ ਪਵਨ ਨੂੰ ਇਕੱਠੇ ਫਾਂਸੀ ‘ਤੇ ਲਟਕਾਇਆ ਗਿਆ ਅਤੇ ਇਨ੍ਹਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਜਾਵੇਗਾ।

7 ਸਾਲ 3 ਮਹੀਨੇ ਅਤੇ 3 ਦਿਨ ਪਹਿਲਾਂ ਭਾਵ 16 ਦਸੰਬਰ 2012 ਨੂੰ ਦੇਸ਼ ਦੀ ਰਾਜਧਾਨੀ ‘ਚ ਵਾਪਰੀ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸੜਕਾਂ ‘ਤੇ ਨੌਜਵਾਨਾਂ ਦਾ ਇਕੱਠ ਇਨਸਾਫ ਮੰਗਣ ਲਈ ਨਿਕਲਿਆ ਸੀ ਅਤੇ ਅੱਝ ਜਾ ਕੇ ਉਸ ਦਾ ਨਤੀਜਾ ਨਿਕਲਿਆ ਹੈ। ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਇਕ ਲੰਬੇ ਸਮੇਂ ਤਕ ਇਨਸਾਫ ਲਈ ਲੜਾਈ ਲੜੀ ਸੀ, ਅੱਜ ਜਦੋਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ ਤਾਂ ਉਨ੍ਹਾਂ ਨੇ ਐਲਾਨ ਕੀਤਾ ਕਿ 20 ਮਾਰਚ ਨੂੰ ਉਹ ਨਿਰਭਿਆ ਦੇ ਰੂਪ ‘ਚ ਮਨਾਉਣਗੀ।

ਨਿਰਭਿਆ ਦੇ ਚਾਰਾਂ ਦੋਸ਼ੀਆਂ ਵੱਲ਼ੋਂ ਆਖਰੀ ਸਮੇਂ ਤਕ ਫਾਂਸੀ ਟਾਲਣ ਦੀ ਕੋਸ਼ਿਸ਼ ਕੀਤੀ ਗਈ। ਵਕੀਲ ਏ.ਪੀ. ਸਿੰਘ ਨੇ ਫਾਂਸੀ ਦੇ ਦਿਨ ਤੋਂ ਇਕ ਦਿਨ ਪਹਿਲਾਂ ਦਿੱਲੀ ਹਾਈ ਕੋਰਟ ‘ਚ ਡੈੱਥ ਵਾਰੰਟ ਨੂੰ ਟਾਲਣ ਲਈ ਪਟੀਸ਼ਨ ਦਾਇਰ ਕੀਤੀ ਸੀ ਪਰ ਇਸ ‘ਚ ਦੋਸ਼ੀਆਂ ਖਿਲਾਫ ਫੈਸਲਾ ਆਇਆ। ਅੱਧੀ ਰਾਤ ਨੂੰ ਵਕੀਲ ਏ.ਪੀ. ਸਿੰਘ ਨੇ ਸੁਪਰੀਮ ਕੋਰਟ ਦਾ ਰੂਖ ਕੀਤਾ ਅਤੇ ਜਦੋਂ ਸਰਵਉੱਚ ਅਦਾਲਤ ਬੈਠੀ ਤਾਂ ਉਥੇ ਵੀ ਨਿਰਭਿਆ ਦੇ ਦੋਸ਼ੀ ਕੁਝ ਅਜਿਹੀਆਂ ਦਲੀਲਾਂ ਨਹੀਂ ਦੇ ਸਕੇ ਜਿਸ ਕਾਰਨ ਫਾਂਸੀ ਟਲੇ।


Share