ਫਲੋਰੀਡਾ ’ਚ ਇਕ ਬੱਚੇ ਸਮੇਤ 4 ਜਣਿਆਂ ਦੀ ਗੋਲੀਆਂ ਮਾਰ ਕੇ ਹੱਤਿਆ, ਇਕ ਗੰਭੀਰ ਜ਼ਖਮੀ

401
ਪੁਲਿਸ ਤੇ ਸ਼ੱਕੀ ਹਮਲਾਵਰ ਵਿਚਾਲੇ ਹੋਈ ਗੋਲੀਬਾਰੀ ਦੌਰਾਨ ਦਰਵਾਜ਼ੇ ਉਪਰ ਵੱਜੀਆਂ ਗੋਲੀਆਂ ਦੇ ਨਿਸ਼ਾਨ।
Share

* ਮੁਕਾਬਲੇ ਉਪਰੰਤ ਹਮਲਾਵਰ ਜ਼ਖਮੀ ਹਾਲਤ ’ਚ ਗਿ੍ਰਫਤਾਰ
ਸੈਕਰਾਮੈਂਟੋ, 6 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਉੱਤਰੀ ਲੇਕਲੈਂਡ, ਫਲੋਰੀਡਾ ’ਚ ਇਕ ਹਮਲਾਵਰ ਵੱਲੋਂ ਕੀਤੀ ਗੋਲੀਬਾਰੀ ਵਿਚ ਇਕ ਬੱਚਾ, ਦੋ ਔਰਤਾਂ ਤੇ ਇਕ ਵਿਅਕਤੀ ਮਾਰਿਆ ਗਿਆ, ਜਦਕਿ ਇਕ 11 ਸਾਲਾਂ ਦੀ ਲੜਕੀ ਗੰਭੀਰ ਜ਼ਖਮੀ ਹੋ ਗਈ। ਪੁਲਿਸ ਦੀ ਕਾਰਵਾਈ ਦੌਰਾਨ ਜ਼ਖਮੀ ਹੋਣ ਉਪਰੰਤ ਹਮਲਾਵਰ ਨੇ ਆਤਮ ਸਮਰਪਣ ਕਰ ਦਿੱਤਾ। ਪੋਲਕ ਕਾਊਂਟੀ ਦੇ ਸ਼ੈਰਿਫ ਗਰਾਡੀ ਜੂਡ ਨੇ ਕਿਹਾ ਹੈ ਕਿ ਗੋਲੀਬਾਰੀ ਤੜਕਸਾਰ 4.30 ਵਜੇ ਇਕ ਘਰ ’ਚ ਹੋਈ। ਸ਼ੱਕੀ ਹਮਲਾਵਰ ਦੀ ਪਛਾਣ 33 ਸਾਲਾ ਬਰਾਇਨ ਰੀਲੇ ਵਜੋਂ ਹੋਈ ਹੈ, ਜਿਸ ਨੂੰ ਗਿ੍ਰਫਤਾਰ ਕਰਨ ਉਪਰੰਤ ਪੁਲਿਸ ਨੇ ਘਰ ਵਿਚੋਂ ਇਕ 3 ਸਾਲ ਦੇ ਬੱਚੇ, ਇਕ ਵਿਅਕਤੀ ਤੇ ਦੋ ਔਰਤਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਮੌਕੇ ਤੋਂ ਮਿਲੀ ਇਕ 11 ਸਾਲਾ ਲੜਕੀ ਜਿਸ ਦੇ ਕਈ ਗੋਲੀਆਂ ਵੱਜੀਆਂ ਹੋਈਆਂ ਸਨ, ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜੂਡ ਨੇ ਦੱਸਿਆ ਕਿ ਰੀਲੇ ਸਾਬਕਾ ਫੌਜੀ ਹੈ, ਜੋ ਇਰਾਕ ਤੇ ਅਫਗਾਨਿਸਤਾਨ ’ਚ ਤਾਇਨਾਤ ਰਿਹਾ ਹੈ। ਉਸ ਨੇ 4 ਸਾਲ ਫੌਜ ’ਚ ਨੌਕਰੀ ਕੀਤੀ ਤੇ ਉਸ ਨੂੰ ਸਨਮਾਨ ਸਹਿਤ ਸੇਵਾਮੁਕਤ ਕੀਤਾ ਗਿਆ ਸੀ। ਬਾਅਦ ਵਿਚ 3 ਸਾਲ ਉਸ ਨੇ ਰਿਜ਼ਰਵ ਸੈਨਿਕ ਵਜੋਂ ਨੌਕਰੀ ਕੀਤੀ। ਰੀਲੇ ਦੀ ਮਿੱਤਰ ਕੁੜੀ ਅਨੁਸਾਰ ‘ਉਹ ਕਦੀ-ਕਦੀ ਪ੍ਰੇਸ਼ਾਨ ਜ਼ੂਰ ਹੋ ਜਾਂਦਾ ਸੀ ਪਰ ਉਹ ਕਦੀ ਵੀ ਹਿੰਸਕ ਨਹੀਂ ਹੋਇਆ ਸੀ। ਉਹ ਓਰਲੈਂਡੋ ਵਿਚ ਇਕ ਚਰਚ ’ਚ ਸਕਿਉਰਿਟੀ ਅਫਸਰ ਵਜੋਂ ਤਾਇਨਾਤ ਸੀ ਤੇ ਹਫਤਾ ਪਹਿਲਾਂ ਘਰ ਆਇਆ ਸੀ। ਉਹ ਕਹਿੰਦਾ ਸੀ ਕਿ ਉਹ ਰੱਬ ਨਾਲ ਸਿੱਧੀ ਗੱਲਬਾਤ ਕਰ ਸਕਦਾ ਹੈ।’’ ਉਸ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹ ਵੀ ਕਿਹਾ ਸੀ ਕਿ ਨਾਲ ਲੱਗਦੇ ਘਰ ਵਿਚ ਰਹਿੰਦੀ ਕੁੜੀ ਆਤਮ ਹੱਤਿਆ ਕਰਨ ਵਾਲੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਮਿ੍ਰਤਕਾਂ ਦੇ ਨਾਂ ਨਸ਼ਰ ਨਹੀਂ ਕੀਤੇ ਹਨ।

Share