ਫਲੋਰਿਡਾ ਵਿੱਚ ਹਾਦਸਾ ਗ੍ਰਸਤ ਹੋਈ ਇਮਾਰਤ ਦੇ ਬਚੇ ਹੋਏ ਹਿੱਸੇ ਨੂੰ ਗਿਆ ਢਾਹਿਆ

308
Share

ਫਰਿਜ਼ਨੋ (ਕੈਲੀਫੋਰਨੀਆ), 5 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਫਲੋਰਿਡਾ ਦੇ ਸਰਫਸਾਈਡ ਖੇਤਰ ਵਿੱਚ ਪਿਛਲੇ ਮਹੀਨੇ ਇੱਕ ਰਿਹਾਇਸ਼ੀ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ ਸੀ। ਜਿਸ ਕਰਕੇ ਦਰਜਨਾਂ ਜਾਨਾਂ ਜਾਣ ਦੇ ਨਾਲ 100 ਤੋਂ ਜਿਆਦਾ ਲੋਕ ਲਾਪਤਾ ਹਨ। ਹੁਣ ਇਸ ਇਮਾਰਤ  ਚੈਂਪਲੇਨ ਟਾਵਰਜ਼ ਦੇ ਬਚੇ ਹੋਏ ਹਿੱਸੇ ਨੂੰ ਵੀ ਐਤਵਾਰ ਦੀ ਰਾਤ ਨੂੰ 10:30 ਵਜੇ ਦੇ ਕਰੀਬ ਸੁਰੱਖਿਆ ਕਾਰਨਾਂ ਕਰਕੇ ਕੰਟਰੋਲਡ ਧਮਾਕੇ ਨਾਲ ਢਾਹ ਦਿੱਤਾ ਗਿਆ ਹੈ।  ਫਲੋਰਿਡਾ ਵਿੱਚ ਟ੍ਰੋਪੀਕਲ ਤੂਫਾਨ ਐਲਸਾ ਦੀ ਸੰਭਾਵਤ ਪਹੁੰਚ ਤੋਂ ਪਹਿਲਾਂ ਇਹ ਕਾਰਵਾਈ ਕੀਤੀ ਗਈ ਹੈ। ਇਸ ਹਾਦਸੇ ਵਿੱਚ ਲਾਪਤਾ ਹੋਏ ਤਕਰੀਬਨ 121 ਲੋਕਾਂ ਦੀ ਭਾਲ ਅਤੇ ਬਚਾਅ ਦੇ ਯਤਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਮਿਆਮੀ-ਡੇਡ ਕਾਉਂਟੀ ਦੀ ਮੇਅਰ ਡੈਨੀਲਾ ਲੇਵੀਨ ਕਾਵਾ ਨੇ ਐਤਵਾਰ ਨੂੰ ਦੱਸਿਆ ਸੀ ਬਚਾਅ ਕਾਰਜ ਬਿਲਡਿੰਗ ਨੂੰ ਢਾਹੁਣ ਦੇ ਬਾਅਦ ਮੁੜ ਸ਼ੁਰੂ ਹੋਣਗੇ। ਐਤਵਾਰ ਦੁਪਹਿਰ ਤੱਕ, ਖੰਡੀ ਤੂਫਾਨ ਐਲਸਾ ਕਿਊਬਾ ਦੇ ਤੱਟ ‘ਤੇ 60 ਮੀਲ ਪ੍ਰਤੀ ਘੰਟਾ (95 ਕਿਲੋਮੀਟਰ ਪ੍ਰਤੀ ਘੰਟਾ) ਦੀਆਂ ਹਵਾਵਾਂ ਨਾਲ ਸੀ ਅਤੇ ਸੋਮਵਾਰ ਨੂੰ ਕਿਊਬਾ ਨੂੰ ਪਾਰ ਕਰਨ ਤੋਂ ਬਾਅਦ, ਤੂਫਾਨ ਦੀ ਮੰਗਲਵਾਰ ਜਾਂ ਬੁੱਧਵਾਰ ਨੂੰ ਪੱਛਮੀ ਫਲੋਰਿਡਾ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਸੀ। ਇਸ ਬਚੀ ਹੋਈ ਬਿਲਡਿੰਗ ਨੂੰ ਢਾਹੁਣ ਦੀ ਕਾਰਵਾਈ ਦੌਰਾਨ ਨੇੜਲੀਆਂ ਇਮਾਰਤਾਂ ਦੇ ਵਸਨੀਕਾਂ ਨੂੰ ਬਾਹਰ ਕੱਢਣ ਦੀ ਜ਼ਰੂਰਤ ਨਹੀਂ ਪਈ ਪਰ ਉਹਨਾਂ ਨੂੰ ਮਲਬੇ ਦੀ ਧੂੜ ਕਾਰਨ ਘਰਾਂ ਦੇ ਅੰਦਰ ਹੀ ਰਹਿਣ ਦੀ ਹਦਾਇਤ ਕੀਤੀ ਗਈ ਸੀ।

Share