ਫਲੋਰਿਡਾ ਵਿੱਚ ਢਹਿ ਗਈ ਇਮਾਰਤ ਦੇ ਮਲਬੇ ਵਿੱਚੋਂ ਪੀੜਤਾਂ ਦੀ ਭਾਲ ਹੋਈ ਰਿਕਵਰੀ ਦੇ ਯਤਨਾਂ ਵਿੱਚ ਤਬਦੀਲ

530
Share

ਫਰਿਜ਼ਨੋ (ਕੈਲੀਫੋਰਨੀਆ), 8 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਫਲੋਰਿਡਾ ਦੇ ਸਰਫਸਾਈਡ ਵਿੱਚ ਢਹਿ ਢੇਰੀ ਹੋਈ ਬਿਲਡਿੰਗ ਦੇ ਮਲਬੇ ਵਿੱਚ ਦੱਬੇ ਹੋਏ ਲੋਕਾਂ ਦੀ ਭਾਲ ਲਈ ਕੀਤੇ ਜਾ ਰਹੇ ਬਚਾਅ ਕਾਰਜਾਂ ਨੂੰ ਰਿਕਵਰੀ ਯਤਨਾਂ ਵਿੱਚ ਤਬਦੀਲ ਕੀਤਾ ਗਿਆ ਹੈ ਤਾਂ ਜੋ ਮਲਬੇ ਹੇਠਲੇ ਲੋਕਾਂ ਨੂੰ ਜਲਦੀ ਕੱਢਿਆ ਜਾ ਸਕੇ।ਮਿਆਮੀ-ਡੇਡ ਕਾਉਂਟੀ ਦੀ ਮੇਅਰ ਡੈਨੀਲਾ ਲੇਵੀਨ ਕਾਵਾ ਨੇ ਦੱਸਿਆ ਕਿ ਇਮਾਰਤ ਡਿੱਗਣ ਤੋਂ ਦੋ ਹਫ਼ਤਿਆਂ ਬਾਅਦ ਘੱਟੋ ਘੱਟ 65 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ 78 ਦੇ ਕਰੀਬ ਅਜੇ ਵੀ ਲਾਪਤਾ ਹਨ। ਕਾਵਾ ਨੇ ਬੁੱਧਵਾਰ ਨੂੰ ਬੋਲਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਮਲਬੇ ਹੇਠਾਂ ਦੱਬੇ ਹੋਏ ਲੋਕਾਂ ਲਈ ਸਰਚ ਐਂਡ ਰਿਸਕਿਉ ਅਪ੍ਰੇਸ਼ਨ ਵਿੱਚ ਸਾਰੇ ਸਾਧਨਾਂ ਦੀ ਵਰਤੋਂ ਕਰ ਲਈ ਹੈ ਅਤੇ ਇਸ ਸਬੰਧੀ ਬਚਾਅ ਕਾਰਜਾਂ ਨੂੰ ਰਿਕਵਰੀ ਯਤਨਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਬਹੁਤ ਮੁਸ਼ਕਿਲ ਹੈ। ਸਰਫਸਾਈਡ ਕੰਡੋ ਇਮਾਰਤ ਦੇ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਬੁੱਧਵਾਰ ਨੂੰ ਉਸ ਵੇਲੇ ਵਾਧਾ ਹੋਇਆ ਜਦੋਂ ਮਲਬੇ ਵਿਚੋਂ 18 ਹੋਰ ਲਾਸ਼ਾਂ ਬਰਾਮਦ ਹੋਈਆਂ। ਇਸ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸੰਕੇਤ ਨਹੀਂ ਮਿਲ ਰਿਹਾ ਕਿ ਮਿਲ ਰਹੇ ਲੋਕਾਂ ਵਿੱਚੋਂ ਕੋਈ ਜਿਉਂਦਾ ਵੀ ਹੋਵੇਗਾ। ਸਰਫਾਈਡ ਮੇਅਰ ਚਾਰਲਸ ਬਰਕੇਟ ਅਨੁਸਾਰ ਮਲਬੇ ਹੇਠ ਕਿਸੇ ਦੇ ਵੀ ਜਿੰਦਾ ਹੋਣ ਦੀ ਸੰਭਾਵਨਾ ਜ਼ੀਰੋ ਦੇ ਨੇੜੇ ਹੈ। ਬਿਲਡਿੰਗ ਸਬੰਧੀ ਬਚਾਅ ਕਾਰਜਾਂ ਨੂੰ  ਰਿਕਵਰੀ ਵਿੱੱਚ ਤਬਦੀਲੀ ਦੌਰਾਨ ਮੌਨ ਵੀ ਧਾਰਿਆ ਗਿਆ ਅਤੇ ਵਿੱਛੜ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ।

Share