ਫਲੋਰਿਡਾ ਨੇੜੇ ਸਮੁੰਦਰ ਵਿਚ ਦੋ ਕਿਸ਼ਤੀਆਂ ਟਕਰਾਈਆਂ, 2 ਮੌਤਾਂ,10 ਲੋਕਾਂ ਨੂੰ ਬਚਾਇਆ

68
Share

ਸੈਕਰਾਮੈਂਟੋ, 19 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਫਲੋਰਿਡਾ ਦੀ ਬਿਸਕੇਨ ਖਾੜੀ ਦੇ ਪਾਣੀਆਂ ਵਿਚ ਦੋ ਕਿਸ਼ਤੀਆਂ ਵਿਚਾਲੇ ਹੋਈ ਟੱਕਰ ਦੇ ਸਿੱਟੇ ਵਜੋਂ 2 ਲੋਕਾਂ ਦੀ ਮੌਤ ਹੋ ਗਈ ਤੇ 10 ਹੋਰਨਾਂ ਨੂੰ ਬਚਾ ਲਿਆ ਗਿਆ। ਯੂ ਐਸ ਕੋਸਟ ਗਾਰਡ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਕਿਸ਼ਤੀਆਂ ਵਿਚਾਲੇ ਟੱਕਰ ਹੋਣ ਉਪਰੰਤ  ਉਨਾਂ ਵਿਚ ਸਵਾਰ 12 ਵਿਅਕਤੀ ਪਾਣੀ ਵਿਚ ਜਾ ਡਿੱਗੇ। ਕੋਸਟ ਗਾਰਡ ਸਟੇਸ਼ਨ ਮਿਆਮੀ ਬੀਚ ਦੇ ਅਮਲੇ ਤੇ ਐਮ ਐਚ-65 ਡੌਲਫਿਨ ਹੈਲੀਕਾਪਟਰ ਦੇ ਅਮਲੇ ਨੇ ਤੁਰੰਤ ਕਾਰਵਾਈ ਕਰਕੇ 10 ਲੋਕਾਂ ਨੂੰ ਪਾਣੀ ਵਿਚੋਂ ਕੱਢ ਲਿਆ ਜਦ ਕਿ 2 ਨੂੰ ਬਚਾਇਆ ਨਹੀਂ ਜਾ ਸਕਿਆ ਜਿਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮਿਆਮੀ ਫਾਇਰ ਵਿਭਾਗ ਦੇ ਬੁਲਾਰੇ ਲੈਫਟੀਨੈਂਟ ਪੀਟੇ ਸਾਂਚੇਜ਼ ਅਨੁਸਾਰ ਇਹ ਘਟਨਾ ਨਿਕਸਨ ਬੀਚ ਸੈਂਡਬਾਰ ਨੇੜੇ ਵਾਪਰੀ। ਉਨਾਂ ਕਿਹਾ ਕਿ ਬਚਾਏ ਗਏ ਲੋਕਾਂ ਵਿਚੋਂ ਇਕ ਵਿਅਕਤੀ ਦੀ ਹਾਲਤ ਗੰਭੀਰ ਹੈ ਜਿਸ ਨੂੰ ਜੈਕਸਨ ਮੈਮੋਰੀਅਲ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ। ਬਾਕੀ ਬਚਾਏ ਗਏ ਲੋਕਾਂ ਨੂੰ ਵੀ ਐਚ ਸੀ ਏ ਫਲੋਰਿਡਾ ਮਰਸੀ ਹਸਪਤਾਲ ਵਿਚ ਲਿਜਾਇਆ ਗਿਆ ਹੈ। ਹਾਦਸਾ ਵਾਪਰਨ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਫਲੋਰਿਡਾ ਫਿਸ਼ ਐਂਡ ਵਾਈਲਡ ਲਾਈਫ ਕੰਜਰਵੇਸ਼ਨ ਕਮਿਸ਼ਨ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗਾ।


Share