ਫਲੋਰਿਡਾ ਦੇ ਗਵਰਨਰ ਵੱਲੋਂ ਮਾਸਕ ਪਹਿਣਨਾ ਲਾਜਮੀ ਕਰਨ ਵਾਲੇ ਸਕੂਲਾਂ ਨੂੰ ਤਨਖਾਹ ਰੋਕਣ ਦੀ ਚਿਤਾਵਨੀ

394
Share

ਸੈਕਰਾਮੈਂਟੋ, 10 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਫਲੋਰਿਡਾ ਦੇ ਗਵਰਨਰ ਰੋਨ ਡੀਸੇਂਟਿਸ ਦੇ ਦਫਤਰ ਨੇ ਕਿਹਾ ਹੈ ਕਿ ਰਾਜ ਦਾ ਸਿੱਖਿਆ ਬੋਰਡ ਉਨ੍ਹਾਂ ਸਕੂਲ ਬੋਰਡ ਦੇ ਸੁਪਰੀਡੈਂਟਾਂ ਤੇ ਮੈਂਬਰਾਂ ਦੀ ਤਨਖਾਹ ਰੋਕ ਸਕਦਾ ਹੈ, ਜੋ ਗਵਰਨਰ ਦੇ ਹੁਕਮ ਜੋ ਸਕੂਲਾਂ ’ਚ ਮਾਸਕ ਲਾਜ਼ਮੀ ਪਾਉਣ ਉਪਰ ਰੋਕ ਲਾਉਂਦਾ ਹੈ, ਦੀ ਉਲੰਘਣਾ ਕਰਨਗੇ। ਰਿਪਬਲਿਕ ਪਾਰਟੀ ਨਾਲ ਸਬੰਧਤ ਗਵਰਨਰ ਡੀਸੇਂਟਿਸ ਨੇ ਪਿਛਲੇ ਮਹੀਨੇ ਜਾਰੀ ਇਕ ਆਦੇਸ਼ ਵਿਚ ਰਾਜ ਦੇ ਸਿਹਤ ਤੇ ਸਿੱਖਿਆ ਵਿਭਾਗ ਨੂੰ ਕਿਹਾ ਸੀ ਕਿ ਉਹ ਸਿਹਤ ਸੰਭਾਲ ਨਾਲ ਸਬੰਧਿਤ ਵਿਦਿਆਰਥੀਆਂ ਦੇ ਮਾਪਿਆਂ ਦੇ ਅਧਿਕਾਰ ਉਪਰ ਆਧਾਰਿਤ ਨਿਯਮ ਤੈਅ ਕਰਨ। ਉਨ੍ਹਾਂ ਕਿਹਾ ਸੀ ਕਿ ਮਾਸਕ ਪਾਉਣ ਜਾਂ ਨਾ ਪਾਉਣ ਦਾ ਨਿਰਣਾ ਮਾਪਿਆਂ ਉਪਰ ਛੱਡ ਦੇਣਾ ਚਾਹੀਦਾ ਹੈ। ਗਵਰਨਰ ਦਫਤਰ ਦੇ ਬੁਲਾਰੇ ਕਿ੍ਰਟੀਨਾ ਪੁਸ਼ਵ ਨੇ ਕਿਹਾ ਹੈ ਕਿ ਗਵਰਨਰ ਦੀ ਪਹਿਲੀ ਤਰਜੀਹ ਮਾਪਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਲੂਸਿਆਨਾ ਤੋਂ ਸੀਨੀਅਰ ਸੈਨੇਟਰ ਬਿੱਲ ਕੈਸਿਡੀ ਨੇ ਗਵਰਨਰ ਦੇ ਆਦੇਸ਼ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਜੇਕਰ ਸਥਾਨਕ ਹਾਲਾਤ ’ਤੇ ਨਜ਼ਰ ਮਾਰੀਏ, ਤਾਂ ਹਸਪਤਾਲ ਭਰੇ ਪਏ ਹਨ ਤੇ ਵੈਕਸੀਨੇਸ਼ਨ ਦਰ ਘੱਟ ਹੈ, ਜਦ ਕਿ ਕੋਵਿਡ-19 ਫੈਲਣ ਦੀ ਦਰ ਬਹੁਤ ਵਧ ਗਈ ਹੈ, ਤਾਂ ਮਾਸਕ ਸਮੇਤ ਕੋਈ ਵੀ ਨਿਰਨਾ ਲੈਣ ਦਾ ਮੁੱਦਾ ਸਥਾਨਕ ਅਧਿਕਾਰੀਆਂ ਉਪਰ ਛੱਡ ਦੇਣਾ ਚਾਹੀਦਾ ਹੈ। ਸਥਾਨਕ ਅਧਿਕਾਰੀ ਲੋਕਾਂ ਦੀ ਬਿਹਤਰੀ ਲਈ ਕੋਈ ਵੀ ਨਿਰਣਾ ਲੈਣ ਲਈ ਆਜ਼ਾਦ ਹੋਣੇ ਚਾਹੀਦੇ ਹਨ।

Share