ਫਲੋਰਿਡਾ ’ਚ ਸਾਬਕਾ ਸੈਨਿਕ ਵੱਲੋਂ ਕੀਤੀ ਗੋਲੀਬਾਰੀ ’ਚ 4 ਲੋਕਾਂ ਦੀ ਮੌਤ

291
Share

ਫਰਿਜ਼ਨੋ, 7 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਲੋਰਿਡਾ ਦੀ ਪੋਲਕ ਕਾਉਂਟੀ ’ਚ ਐਤਵਾਰ ਸਵੇਰੇ ਇੱਕ ਸਾਬਕਾ ਮਰੀਨ ਸ਼ਾਰਪਸ਼ੂਟਰ ਨੇ ਖਾਸ ਸੂਟ ਨਾਲ ਲੈਸ਼ ਹੋ ਕੇ ਇੱਕ ਆਟੋਮੈਟਿਕ ਹਥਿਆਰ ਨਾਲ ਗੋਲੀਬਾਰੀ ਕੀਤੀ, ਜਿਸ ਨਾਲ ਇੱਕ ਤਿੰਨ ਮਹੀਨਿਆਂ ਦੇ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ 11 ਸਾਲਾਂ ਦੀ ਲੜਕੀ ਜ਼ਖਮੀ ਹੋਈ। ਪੋਲਕ ਕਾਉਂਟੀ ਦੇ ਸ਼ੈਰਿਫ ਗ੍ਰੈਡੀ ਜੁਡ ਅਨੁਸਾਰ ਗੋਲੀ ਚਲਾਉਣ ਵਾਲੇ ਦੀ ਪਛਾਣ 33 ਸਾਲਾ ਬ੍ਰਾਇਨ ਰਿਲੇ ਵਜੋਂ ਹੋਈ ਹੈ। ਜੁਡ ਅਨੁਸਾਰ ਰਿਲੇ, ਜਿਸਦਾ ਪੀੜਤਾਂ ਨਾਲ ਕੋਈ ਸਬੰਧ ਨਹੀਂ ਸੀ, ਨੇ ਆਤਮ ਸਮਰਪਣ ਕਰਨ ਤੋਂ ਪਹਿਲਾਂ ਪੁਲਿਸ ਨਾਲ ਗੋਲੀਬਾਰੀ ਕੀਤੀ ਅਤੇ ਬਾਅਦ ਵਿਚ ਹਸਪਤਾਲ ਵਿਚ ਵੀ ਇਲਾਜ ਦੌਰਾਨ ਪੁਲਿਸ ਅਧਿਕਾਰੀ ਦੀ ਬੰਦੂਕ ਖੋਹਣ ਦੀ ਕੋਸ਼ਿਸ਼ ਕੀਤੀ। ਇਰਾਕ ਅਤੇ ਅਫਗਾਨਿਸਤਾਨ ’ਚ ਅਮਰੀਕੀ ਸੈਨਿਕ ਵਜੋਂ ਸੇਵਾਵਾਂ ਦੇਣ ਵਾਲਾ ਰਿਲੇ ਇੱਕ ਬਾਡੀ ਅਤੇ ਸਕਿਓਰਿਟੀ ਗਾਰਡ ਵਜੋਂ ਕੰਮ ਕਰ ਰਿਹਾ ਸੀ ਅਤੇ ਇਹ ਵਿਅਕਤੀ ਮਾਨਸਿਕ ਸਮੱਸਿਆਵਾਂ ਦਾ ਵੀ ਸਾਹਮਣਾ ਕਰ ਰਿਹਾ ਸੀ। ਪੁਲਿਸ ਅਨੁਸਾਰ ਲਗਭਗ ਇੱਕ ਹਫ਼ਤਾ ਪਹਿਲਾਂ ਉਸਦੀ ਮਾਨਸਿਕ ਸਿਹਤ ਵਿਗੜ ਗਈ ਸੀ ਅਤੇ ਉਸਨੇ ਆਪਣੀ ਪ੍ਰੇਮਿਕਾ ਨੂੰ ਕਿਹਾ ਸੀ ਕਿ ਉਸਨੇ ਰੱਬ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਹੈ।
ਇਸ ਮਾਮਲੇ ਵਿਚ ਪਹਿਲਾਂ ਇਹ ਵਿਅਕਤੀ ਗੋਲੀਬਾਰੀ ਵਾਲੇ ਘਰ ’ਚ ਸ਼ਨੀਵਾਰ ਰਾਤ ਨੂੰ ਦਾਖਲ ਹੋਇਆ ਸੀ ਅਤੇ ਬੇਤੁਕੀ ਬਿਆਨਬਾਜ਼ੀ ਕੀਤੀ ਸੀ। ਪਰ ਪੁਲਿਸ ਦੁਆਰਾ ਦਖਲ ਦੇਣ ’ਤੇ ਉਹ ਚਲਾ ਗਿਆ ਸੀ ਪਰ ਉਹ ਐਤਵਾਰ ਸਵੇਰੇ ਵਾਪਸ ਆਇਆ ਅਤੇ ਗੋਲੀਬਾਰੀ ਕਰਕੇ 40 ਸਾਲਾ ਵਿਅਕਤੀ, ਇੱਕ 33 ਸਾਲਾ ਮਾਂ ਅਤੇ ਉਸਦੇ ਬੱਚੇ ਨੂੰ ਮਾਰ ਦਿੱਤਾ। ਇਸਦੇ ਇਲਾਵਾ ਰਿਲੇ ਨੇ ਅਗਲੇ ਘਰ ਵਿਚ ਵੀ ਇੱਕ 62 ਸਾਲਾ ਮਹਿਲਾ ਨੂੰ ਮਾਰ ਦਿੱਤਾ। ਪੁਲਿਸ ਦੁਆਰਾ ਇਸ ਗੋਲੀਬਾਰੀ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

Share