ਫਲੋਰਿਡਾ ’ਚ ਵਿਅਕਤੀ ਨੇ ਕੋਰੋਨਾ ਦੀ ਆੜ ’ਚ ਹਥਿਆਏ ਹਜ਼ਾਰਾਂ ਡਾਲਰ

194
Share

ਫਰਿਜ਼ਨੋ, 13 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਸਰਕਾਰ ਦੁਆਰਾ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਕਾਰੋਬਾਰਾਂ, ਲੋਕਾਂ ਅਤੇ ਹੋਰ ਛੋਟੀਆਂ ਫਰਮਾਂ ਲਈ, ਕਈ ਤਰ੍ਹਾਂ ਦੀਆਂ ਵਿੱਤੀ ਯੋਜਨਾਵਾਂ ਪੇਸ਼ ਕੀਤੀਆਂ ਗਈਆਂ ਹਨ। ਪਰ ਕਈ ਲੋਕ ਅਜਿਹੇ ਵੀ ਹੁੰਦੇ ਹਨ, ਜੋ ਗਲਤ ਤਰੀਕੇ ਅਪਣਾ ਕੇ, ਅਜਿਹੇ ਸੰਕਟ ਦੇ ਸਮੇਂ ਵੀ ਜ਼ਿਆਦਾ ਪੈਸਾ ਕਮਾਉਣ ਦੀ ਲਾਲਸਾ ਰੱਖਦੇ ਹਨ। ਅਜਿਹਾ ਹੀ ਇੱਕ ਮਾਮਲਾ ਫਲੋਰਿਡਾ ਦੇ ਮਿਆਮੀ ਵਿਚ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਜੋ ਕਿ ਪੇਸ਼ੇ ਵਜੋਂ ਇੱਕ ਮੇਲ ਨਰਸ ਹੈ, ਨੇ ਕੋਰੋਨਾਵਾਇਰਸ ਸਹਾਇਤਾ ਰਾਸ਼ੀ ਵਿਚੋਂ ਧੋਖਾਧੜੀ ਨਾਲ ਤਕਰੀਬਨ 420 ਹਜ਼ਾਰ ਡਾਲਰ ਹਥਿਆਏ ਹਨ। ਸਰਕਾਰੀ ਵਕੀਲਾਂ ਅਨੁਸਾਰ 55 ਸਾਲਾਂ ਗਿਰਾਲਡੋ ਕਾਰਾਬਾਲੋ ਨੇ ਸ਼ੁੱਕਰਵਾਰ ਨੂੰ ਮਿਆਮੀ ਸੰਘੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਇਸ ਵਿਅਕਤੀ ’ਤੇ ਗੈਰ ਕਾਨੂੰਨੀ ਕਮਾਈ ਵਿਚ ਸ਼ਾਮਲ ਹੋਣ ਅਤੇ ਵਿੱਤੀ ਸੰਸਥਾ ਨੂੰ ਝੂਠੇ ਬਿਆਨ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਮਾਮਲੇ ਵਿਚ ਇੱਕ ਅਪਰਾਧਿਕ ਸ਼ਿਕਾਇਤ ਦੇ ਅਨੁਸਾਰ ਕਾਰਾਬਾਲੋ ਨੇ ਆਪਣੀ ਕੰਪਨੀ ਪ੍ਰੋਫੈਸ਼ਨਲ ਸਕਿੱਲ ਇੰਕ. ਵੱਲੋਂ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਲੋਨ ਲਈ ਅਰਜ਼ੀ ਦੇ ਕੇ ਸਹਾਇਤਾ ਵੀ ਪ੍ਰਾਪਤ ਕੀਤੀ ਸੀ। ਉਸਨੇ ਦਾਅਵਾ ਕੀਤਾ ਸੀ ਕਿ ਕੰਪਨੀ ਦੇ 28 ਕਰਮਚਾਰੀ ਹਨ ਅਤੇ ਉਨ੍ਹਾਂ ਦੀ ਮਹੀਨੇ ਦੀ ਔਸਤਨ ਤਨਖਾਹ 168,000 ਡਾਲਰ ਹੈ, ਜਿਸਨੂੰ ਕਿ ਜਾਂਚਕਰਤਾਵਾਂ ਨੇ ਝੂਠਾ ਦੱਸਿਆ ਹੈ। ਇਸਦੇ ਇਲਾਵਾ ਕਾਰਾਬਾਲੋ ਨੇ ਆਰਥਿਕ ਤਬਾਹੀ ਕਰਜ਼ੇ ਵਜੋਂ ਲਗਭਗ 55,000 ਡਾਲਰ ਦੀ ਸਹਾਇਤਾ ਅਰਜ਼ੀ ਦੇਣ ਤੋਂ ਬਾਅਦ ਪ੍ਰਾਪਤ ਕੀਤੀ ਸੀ। ਇਸ ਦੌਰਾਨ ਤਨਖਾਹ ਲਈ ਪੈਸੇ ਦੀ ਵਰਤੋਂ ਕਰਨ ਦੀ ਬਜਾਏ, ਵਕੀਲ ਦੇ ਅਨੁਸਾਰ ਕਾਰਾਬਾਲੋ ਨੇ ਇਸ ਪੈਸੇ ਨੂੰ ਹੋਰ ਖਾਤਿਆਂ ਵਿਚ ਟਰਾਂਸਫਰ ਕਰਨ ਦੇ ਨਾਲ ਇਸ ਨੂੰ ਨਿੱਜੀ ਖਰਚਿਆਂ ਲਈ ਵਰਤਿਆ। ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਕੋਵਿਡ-19 ਮਹਾਂਮਾਰੀ ਦੇ ਕਾਰਨ ਸੰਘਰਸ਼ ਕਰ ਰਹੇ ਅਮਰੀਕੀਆਂ ਅਤੇ ਛੋਟੇ ਕਾਰੋਬਾਰੀ ਕਰਜ਼ਿਆਂ ਵਿਚ ਅਰਬਾਂ ਡਾਲਰ ਦੀ ਸਹਾਇਤਾ ਕਰਦਾ ਹੈ।

Share