ਫਰਿਜ਼ਨੋ, 24 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਕੋਰੋਨਾਵਾਇਰਸ ਨੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਸੈਂਕੜੇ ਹੀ ਪੁਲਿਸ ਅਧਿਕਾਰੀਆਂ ਦੀ ਜਾਨ ਲਈ ਹੈ ਅਤੇ ਇਹ ਸਿਲਸਿਲਾ ਹੁਣ ਵੀ ਬਰਕਰਾਰ ਹੈ।
ਇਸ ਦੇ ਤਾਜ਼ਾ ਮਾਮਲਿਆਂ ਵਿਚ ਕੋਰੋਨਾਵਾਇਰਸ ਨੇ ਇੱਕ ਹਫਤੇ ਦੇ ਦੌਰਾਨ ਹੀ ਫਲੋਰਿਡਾ ਦੇ ਪੰਜ ਪੁਲਿਸ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਆਫ ਮਿਆਮੀ ਦੇ ਪੁਲਿਸ ਮੁਖੀ ਆਰਟ ਅਸੀਵੇਡੋ ਨੇ ਦੱਸਿਆ ਕਿ ਪਿਛਲੇ ਹਫਤੇ ਦੇ ਅੰਤ ’ਚ ਦੱਖਣੀ ਫਲੋਰਿਡਾ ਦੇ ਘੱਟੋ-ਘੱਟ ਪੰਜ ਅਧਿਕਾਰੀਆਂ ਦੀ ਮੌਤ ਕੋਵਿਡ ਨਾਲ ਹੋਈ ਹੈ। ਪੁਲਿਸ ਮੁਖੀ ਨੇ ਇਸ ਮੌਕੇ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਪੁਲਿਸ ਵਿਭਾਗ ਦੇ ਅਨੁਸਾਰ ਅਮਰੀਕਾ ਭਰ ’ਚ ਕੋਰੋਨਾਵਾਇਰਸ ਕਾਰਨ ਬਿਹਤਰੀਨ ਅਫਸਰਾਂ ਨੇ ਆਪਣੀ ਜਾਨ ਗਵਾਈ ਹੈ। ਇਸਦੇ ਇਲਾਵਾ ਅੰਕੜਿਆਂ ਅਨੁਸਾਰ ਸ਼ਨੀਵਾਰ ਤੱਕ, ਰਾਜ ਭਰ ’ਚ 17,000 ਤੋਂ ਵੱਧ ਲੋਕ ਕੋਵਿਡ-19 ਨਾਲ ਹਸਪਤਾਲਾਂ ਵਿਚ ਦਾਖਲ ਸਨ। ਸੂਬੇ ’ਚ ਵਾਇਰਸ ਦੀ ਵਧ ਰਹੀ ਲਾਗ ਨੂੰ ਰੋਕਣ ਲਈ ਪ੍ਰਸ਼ਾਸਨ ਵੱਲ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਅਪੀਲ ਕੀਤੀ ਜਾ ਰਹੀ ਹੈ।