ਫਲਾਈਟ ’ਚ ਫੇਸ ਮਾਸਕ ਨਾਲ ਨੱਕ ਨਾ ਢਕਣ ਕਾਰਨ ਯਾਤਰੀ ਨੂੰ 9 ਹਜ਼ਾਰ ਡਾਲਰ ਦਾ ਜੁਰਮਾਨਾ

104
Share

ਫਰਿਜ਼ਨੋ, 26 ਮਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੋਰੋਨਾਵਾਇਰਸ ਦੀ ਲਾਗ ਤੋਂ ਬਚਾਅ ਲਈ ਚਿਹਰੇ ਨੂੰ ਮਾਸਕ ਨਾਲ ਢਕਣਾ ਪ੍ਰਮੁੱਖ ਮੰਨਿਆ ਗਿਆ ਹੈ। ਇਸ ਬਚਾਅ ਵਿਚ ਮਾਸਕ ਨਾਲ ਨੱਕ ਨੂੰ ਢਕਣਾ ਵੀ ਬਹੁਤ ਜ਼ਰੂਰੀ ਹੈ। ਕਈ ਲੋਕ ਜਨਤਕ ਥਾਵਾਂ ਜਾਂ ਜਹਾਜ਼ਾਂ ਵਿਚ ਚਿਹਰੇ ’ਤੇ ਮਾਸਕ ਦੀ ਵਰਤੋਂ ਤਾਂ ਕਰਦੇ ਹਨ ਪਰ ਇਸ ਨਾਲ ਨੱਕ ਨੂੰ ਨਹੀਂ ਢਕਦੇ, ਜੋ ਕਿ ਸਹੀ ਨਹੀਂ ਹੈ। ਇਸੇ ਤਰ੍ਹਾਂ ਦੀ ਲਾਪ੍ਰਵਾਹੀ ਇੱਕ ਫਲਾਈਟ ਵਿਚ ਕਰਕੇ ਇੱਕ ਯਾਤਰੀ 9000 ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰ ਰਿਹਾ ਹੈ। ਅਧਿਕਾਰੀਆਂ ਅਨੁਸਾਰ ਇੱਕ ਵਿਅਕਤੀ ਨੂੰ ਕੈਲੀਫੋਰਨੀਆ ਤੋਂ ਟੈਕਸਾਸ ਲਈ ਸਾਊਥਵੈਸਟ ਏਅਰ ਲਾਈਨ ਦੀ ਫਲਾਈਟ ਦੌਰਾਨ, ਫੇਸ ਮਾਸਕ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਨ ’ਤੇ 9,000 ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਵੱਲੋਂ ਉਸ ਆਦਮੀ ਨੂੰ ਭੇਜੇ ਇੱਕ ਪੱਤਰ ਦੇ ਅਨੁਸਾਰ, ਉਡਾਣ ਦੇ ਦੌਰਾਨ ਫਲਾਈਟ ਅਟੈਂਡੇਂਟ ਨੇ ਇਸ ਯਾਤਰੀ ਨੂੰ ਮਾਸਕ ਨਾਲ ਆਪਣੀ ਨੱਕ ਨੂੰ ਢਕਣ ਦੀ ਬੇਨਤੀ ਕੀਤੀ ਗਈ ਪਰ ਯਾਤਰੀ ਵੱਲੋਂ ਅਜਿਹਾ ਨਾਂ ਕਰਕੇ ਕਰਮਚਾਰੀ ਨਾਲ ਬੁਰਾ ਵਿਵਹਾਰ ਕੀਤਾ ਗਿਆ। ਇਸ ਉਪਰੰਤ ਫਲਾਈਟ ਅਟੈਂਡੇਂਟ ਨੇ ਉਸਨੂੰ ਮਾਸਕ ਨਾਲ ਨੱਕ ਢਕਣ ਦੀ ਜ਼ਰੂਰਤ ਬਾਰੇ ਦੱਸਿਆ ਪਰ ਯਾਤਰੀ ਨੇ ਮਾਸਕ ਨੂੰ ਸੁੱਟ ਦਿੱਤਾ ਅਤੇ ਇਸਨੂੰ ਪਹਿਣਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਟੈਕਸਾਸ ਵਿਚ ਮਾਸਕ ਨੂੰ ਲਾਗੂ ਨਹੀਂ ਕੀਤਾ ਜਾਵੇਗਾ। ਯਾਤਰੀ ਦੇ ਇਸ ਵਿਵਹਾਰ ਕਰਕੇ ਫੈਡਰਲ ਐਵੀਏਸ਼ਨ ਅਥਾਰਟੀ (ਐੱਫ.ਏ.ਏ.) ਨੇ ਉਸਨੂੰ 9,000 ਡਾਲਰ ਜੁਰਮਾਨਾ ਕਰਨ ਦਾ ਨੋਟਿਸ ਦਿੱਤਾ ਹੈ। ਇਸ ਯਾਤਰੀ ਨੂੰ 28 ਅਪ੍ਰੈਲ ਨੂੰ ਭੇਜੇ ਪੱਤਰ ਦਾ ਜਵਾਬ ਦੇਣ ਲਈ 30 ਦਿਨ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਐੱਫ.ਏ.ਏ. ਵੱਲੋਂ ਮਹਾਂਮਾਰੀ ਦੌਰਾਨ ਫਲਾਈਟ ਦੌਰਾਨ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਅਤੇ ਕਰਮਚਾਰੀਆਂ ਨਾਲ ਮਾੜਾ ਵਿਵਹਾਰ ਕਰਨ ਲਈ ਯਾਤਰੀਆਂ ਨੂੰ ਜੁਰਮਾਨੇ ਲਾਗੂ ਕੀਤੇ ਗਏ ਹਨ।

Share