ਫਰੀਦਕੋਟ ‘ਚ ਕਬੱਡੀ ਟੂਰਨਾਮੈਂਟ ਦੌਰਾਨ ਹੋਈ ਗੋਲੀਬਾਰੀ ‘ਚ ਇਕ ਨੌਜਵਾਨ ਦੀ ਮੌਤ

ਫਰੀਦਕੋਟ, 16 ਮਾਰਚ (ਪੰਜਾਬ ਮੇਲ)- ਜੈਤੋ ਦੇ ਪਿੰਡ ਰੋੜੀਕਪੂਰਾ ‘ਚ ਕਬੱਡੀ ਟੂਰਨਾਮੈਂਟ ਦੌਰਾਨ ਐਤਵਾਰ ਦੇਰ ਸ਼ਾਮ ਦੋ ਧਿਰਾਂ ‘ਚ ਹੋਈ ਗੋਲੀਬਾਰੀ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ। ਜਦਕਿ ਦੋਵੇਂ ਧਿਰਾਂ ਦੇ 7 ਲੋਕ ਗੰਭੀਰ ਜ਼ਖਮੀ ਹੋ ਗਏ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਜੈਤੋ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਪਿੰਡ ਰੋੜੀਕਪੂਰਾ ਅਤੇ ਪਿੰਡ ਵੀਰੇਵਾਲਾ ਦੇ ਦੋਵੇਂ ਧਿਰਾਂ ਵਿਚ ਕੁਝ ਸਮੇਂ ਤੋਂ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਚੱਲਦੀ ਆ ਰਹੀ ਸੀ। ਜਿਸ ਕਾਰਨ ਦੋਵਾਂ ਧਿਰਾਂ ਦਾ ਝਗ਼ੜਾ ਵੀ ਹੋਇਾ ਸੀ ਪਰ ਪੰਚਾਇਤ ਨੇ ਰਾਜੀਨਾਮਾ ਕਰਵਾ ਦਿੱਤਾ। ਐਤਵਾਰ ਨੂੰ ਪਿੰਡ ਰੋੜੀਕਪੂਰਾ ‘ਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਦੋਵਾਂ ਧਿਰਾਂ ਵਿਚਕਾਰ ਬਹਿਸ ਹੋ ਗਈ।
ਇਹ ਬਹਿਸ ਇੰਨੀ ਵੱਧ ਗਈ ਕਿ ਦੋਵਾਂ ਧਿਰਾਂ ਵਲੋਂ ਇਕ ਦੂਜੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਇਕ ਧਿਰ ਵਲੋਂ ਗੋਲੀ ਚਲਾਈ ਗਈ ਜੋ ਪਿੰਡ ਰੋੜੀਕਪੂਰਾ ਨਿਵਾਸੀ ਜਸਵੀਰ ਸੰਘ (24) ਦੇ ਸਿਰ ‘ਤੇ ਲੱਗੀ, ਜਿਸ ਦੀ ਮੌਤ ਹੋ ਗਈ ਜਦਕਿ ਪਿੰਡ ਰੋੜੀਕਪੂਰਾ ਨਿਵਾਸੀ ਸੰਦੀਪ ਸਿੰਘ, ਮਨੀ, ਜਸਕਰਨ ਸਿੰਘ, ਗੁਲਜਾਰ ਸਿੰਘ ਅਤੇ ਪਿੰਡ ਵੀਰੇਵਾਲਾ ਨਿਵਾਸੀ ਗੁਰਪ੍ਰੀਤ ਸਿੰਘ, ਗੁਰਨੈਬ ਸਿੰਘ ਤੇ ਯਾਦਵਿੰਦਰ ਸਿੰਘ ਜ਼ਖਮੀ ਹੋ ਗਏ। ਸਾਰਿਆਂ ਨੂੰ ਪਹਿਲਾਂ ਕੋਟਕਪੂਰਾ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਉਸ ਤੋਂ ਬਾਅਦ ਉਨ੍ਹਾਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਥੇ ਡਾਕਟਰਾਂ ਨੇ ਜਸਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ ਥਾਣਾ ਜੈਤੋ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖਮੀਆਂ ਦੇ ਬਿਆਨਾਂ ਮੁਤਾਬਕ ਕੇਸ ਦਰਜ ਕਰ ਲਿਆ ਗਿਆ ਹੈ।