ਫਰੀਦਕੋਟ ਅਦਾਲਤ ਵੱਲੋਂ ਐੱਸ.ਆਈ.ਟੀ. ਨੂੰ ਡੇਰਾ ਮੁਖੀ ਖਿਲਾਫ 2 ਮਾਮਲਿਆਂ ’ਚ ਪ੍ਰੋਡਕਸ਼ਨ ਵਾਰੰਟ ਜਾਰੀ

126
Share

-ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਲਿਆਂਦਾ ਜਾਵੇਗਾ ਪੰਜਾਬ
ਕੋਟਕਪੂਰਾ, 21 ਅਪ੍ਰੈਲ (ਪੰਜਾਬ ਮੇਲ)-ਹਰਿਆਣਾ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਪੰਜਾਬ ਲਿਆਂਦਾ ਜਾਵੇਗਾ। ਫ਼ਰੀਦਕੋਟ ਅਦਾਲਤ ਨੇ ਇਸ ਸਬੰਧੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੂੰ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤਾ ਹੈ। ਇਹ ਵਾਰੰਟ 2 ਮਾਮਲਿਆਂ ਵਿਚ ਦਿੱਤਾ ਗਿਆ ਹੈ। ਐੱਸ.ਆਈ.ਟੀ. ਨੂੰ 4 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਨ ਦੇ ਮਾਮਲੇ ਵਿਚ ਐੱਫ.ਆਈ.ਆਰ. ਨੰਬਰ 63 ’ਚ ਰਾਮ ਰਹੀਮ ਖ਼ਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਗਿਆ ਸੀ। ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਬਾਬੇ ਦੀ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਐੱਸ.ਆਈ.ਟੀ. ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬਾਬਾ ਤੋਂ ਪੁੱਛਗਿੱਛ ਕੀਤੀ।
ਸਾਲ 2015 ’ਚ ਦਰਜ ਦੋ ਮਾਮਲਿਆਂ ’ਚ ਰਾਮ ਰਹੀਮ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਹੈ। ਇਸ ਵਿਚ ਪਹਿਲਾ ਮਾਮਲਾ ਐੱਫ.ਆਈ.ਆਰ. ਨੰਬਰ 117 ਦਾ ਹੈ, ਜਿਸ ਵਿਚ ਵਿਵਾਦਿਤ ਪੋਸਟਰ ਲਗਾਉਣ ਦਾ ਇਲਜ਼ਾਮ ਹੈ। ਦੂਜਾ ਮਾਮਲਾ ਐੱਫ.ਆਈ.ਆਰ. ਨੰਬਰ 128 ਦਾ ਹੈ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਕੀਤੀ ਗਈ ਸੀ। ਦੋਵਾਂ ਮਾਮਲਿਆਂ ਵਿਚ ਪੁਲਿਸ ਨੇ ਰਾਮ ਰਹੀਮ ਨੂੰ ਮੁੱਖ ਸਾਜ਼ਿਸ਼ਕਰਤਾ ਦੱਸਿਆ ਹੈ।
ਇਨ੍ਹਾਂ ਦੋਵਾਂ ਮਾਮਲਿਆਂ ਵਿਚ ਪੁਲਿਸ ਨੇ ਬਾਬਾ ਰਾਮ ਰਹੀਮ ਨੂੰ ਮਾਸਟਰਮਾਈਂਡ ਬਣਾਇਆ ਹੈ। ਸਰਕਾਰ ਬਦਲਣ ਤੋਂ ਬਾਅਦ ਇਨ੍ਹਾਂ ਦੋਵਾਂ ਮਾਮਲਿਆਂ ਵਿਚ ਰਾਮ ਰਹੀਮ ਦਾ ਨਾਂ ਆਇਆ ਸੀ। ਪੰਜਾਬ ਪੁਲਿਸ ਨੇ ਇਸ ਸਬੰਧੀ ਅਦਾਲਤ ਵਿਚ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਐੱਫ.ਆਈ.ਆਰ. ਨੰਬਰ 117 ਵਿਚ ਵਿਵਾਦਿਤ ਪੋਸਟਰ ਮਾਮਲੇ ਦੇ ਪਿੱਛੇ ਵੀ ਰਾਮ ਰਹੀਮ ਦਾ ਹੱਥ ਹੈ। ਇਸ ਤੋਂ ਇਲਾਵਾ ਉਹ ਐੱਫ.ਆਈ.ਆਰ. ਨੰਬਰ 128 ਦੇ ਬੇਅਦਬੀ ਮਾਮਲੇ ਵਿਚ ਵੀ ਮੁੱਖ ਮੁਲਜ਼ਮ ਹੈ। ਇਸ ਮਾਮਲੇ ਵਿਚ ਕੋਟਕਪੂਰਾ ਦੇ ਨਜ਼ਦੀਕੀ ਪਿੰਡ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਗਲੀਆਂ ਵਿਚ ਖਿੱਲਰੇ ਪਾਏ ਗਏ।

Share