ਫਰਿਜ਼ਨੋ ਵਿਖੇ ਹੋਈ ਰਾਜ ਕਾਕੜੇ ਦੀ ਮਹਿਫ਼ਲ ਯਾਦਗਾਰੀ ਹੋ ਨਿੱਬੜੀ

251
Share

ਫਰਿਜ਼ਨੋ, 20 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਸਥਾਨਿਕ ਇੰਡੀਆ ਓਵਨ ਰੈਸਟੋਰੈਂਟ ਵਿਚ ਆਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਵਾਲੀਬਾਲ ਕਲੱਬ ਫਰਿਜ਼ਨੋ ਵੱਲੋਂ ਉੱਘੇ ਗੀਤਕਾਰ, ਗਾਇਕ ਅਤੇ ਫ਼ਨਕਾਰ ਰਾਜ ਕਾਕੜੇ ਦੇ ਗੀਤਾਂ ਦੀ ਸ਼ਾਨਦਾਰ ਮਹਿਫ਼ਲ ਕਰਵਾਈ ਗਈ। ਇਸ ਮਹਿਫ਼ਲ ਵਿਚ ਰਾਜ ਕਾਕੜੇ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਐਸੀ ਝੜੀ ਲਾਈ ਕਿ ਦਰਸ਼ਕ ਸ਼ਾਹ ਰੋਕ ਕੇ ਉਸਦੇ ਗੀਤ ਸੁਣ ਰਹੇ ਸਨ ਅਤੇ ਹਰ ਸ਼ੇਅਰ ’ਤੇ ਆਪ ਮੁਹਾਰੇ ਤਾੜੀਆਂ ਮਾਰ ਰਹੇ ਸਨ।
ਰਾਜ ਕਾਕੜੇ ਦੇ ਗੀਤਾਂ ਵਿਚ ਪੰਜਾਬ ਦਾ ਦਰਦ ਹੈ। ਉਹ ਲੋਕਾਂ ’ਚ ਜਾ-ਜਾ ਕੇ ਹੋਕਾ ਦੇ ਰਿਹਾ ਆਪਣੇ ਗੀਤਾ ਰਾਹੀਂ, ਆਪਣੀ ਕਲਮ ਰਾਹੀਂ, ਆਪਣੀਆਂ ਫਿਲਮਾਂ ਰਾਹੀਂ ਕਿ ‘ਜਾਗੋ ਪੰਜਾਬੀਓ, ਸਿਹਕਦੇ ਪੰਜਾਬ ਨੂੰ ਬਚਾ ਲਓ’। ਫਰਿਜ਼ਨੋ ਨਿਵਾਸੀਆਂ ਨੇ ਭਰਵੇਂ ਇਕੱਠ ਵਿਚ ਇਸ ਹੋਕੇ ਨੂੰ ਸੁਣਿਆ ਤੇ ਰਾਜ ਕਾਕੜੇ ਦੀ ਸ਼ਾਇਰੀ ਨੂੰ ਸਲਾਹਿਆ। ਇਸ ਮੌਕੇ ਬਰਾੜ ਮਿਊਜ਼ਿਕ ਕੰਪਨੀ ਦੇ ਪਿੰਦਾ ਕੋਟਲਾ, ਜਗਦੀਪ ਬਰਾੜ ਅਤੇ ਗੁਰਵਿੰਦਰ ਆਦਿ ਨੇ ਰਣਸ਼ੇਰ ਬੱਸੀਆਂ ਦੇ ਨਵੇਂ ਗੀਤ ਇੰਟਰਪੋਲ ਦਾ ਪੋਸਟਰ ਵੀ ਰਿਲੀਜ਼ ਕੀਤਾ।
ਰਾਜ ਕਾਕੜੇ ਤੋਂ ਬਿਨਾਂ ਲੋਕਲ ਕਲਾਕਾਰ ਬਹਾਦਰ ਸਿੱਧੂ, ਪੱਪੀ ਭਦੌੜ, ਹਰਪ੍ਰੀਤ ਸਿੰਘ ਨੇ ਇੱਕ-ਇੱਕ ਗੀਤ ਗਾ ਕੇ ਮਹਿਫ਼ਲ ਨੂੰ ਹੋਰ ਚਾਰ ਚੰਨ੍ਹ ਲਾਏ। ਇਸ ਮੌਕੇ ਫਰਿਜ਼ਨੋ ਦੀਆਂ ਸਿਰਕੱਢ ਸ਼ਖ਼ਸੀਅਤਾਂ ਪਹੁੰਚੀਆਂ ਹੋਈਆਂ ਸਨ। ਇਸ ਮੌਕੇ ਭਾਰਤ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਦੀ ਵੀ ਗੱਲ ਹੋਈ ਅਤੇ ਸਮੂਹ ਹਾਜ਼ਰੀਨ ਨੇ ਤਨੋਂ, ਮੰਨੋ, ਧਨੋਂ ਸੰਘਰਸ਼ ਦੇ ਨਾਲ ਖੜ੍ਹਨ ਦੀ ਵਚਨਬੱਧਤਾ ਪ੍ਰਗਟਾਈ। ਅੰਤ ਰਾਤਰੀ ਦੇ ਸੁਆਦਿਸ਼ਟ ਖਾਣੇ ਨਾਲ ਅਮਿੱਟ ਪੈੜਾਂ ਛੱਡਦੀ ਇਹ ਮਹਿਫਲ ਯਾਦਗਾਰੀ ਹੋ ਨਿਬੜੀ।

Share