ਫਰਿਜ਼ਨੋ ਵਿਖੇ ਖੇਤੀ ਕਾਨੂੰਨਾਂ ਖ਼ਿਲਾਫ਼ ਹੋਏ ਰੋਡ ਸ਼ੋਅ ‘ਚ ਪੰਜਾਬੀਆਂ ਦਾ ਆਇਆ ਹੜ੍ਹ

224
Share

ਫਰਿਜ਼ਨੋ, 7 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਭਾਰਤ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਭਾਰਤੀ ਕਿਸਾਨਾਂ ਦੇ ਸਮਰਥਨ ‘ਚ ਅਮਰੀਕਾ ਦੇ ਕਈ ਸ਼ਹਿਰਾਂ ‘ਚ ਹਜ਼ਾਰਾਂ ਪੰਜਾਬੀ-ਅਮਰੀਕੀਆਂ ਨੇ ਸ਼ਾਂਤੀਮਈ ਢੰਗ ਨਾਲ ਵਿਰੋਧ ਰੈਲੀਆਂ ਕੱਢੀਆਂ। ਇਸੇ ਕੜੀ ਤਹਿਤ ਫਰਿਜ਼ਨੋ ਵਿਖੇ ਵੀ ਟਰੱਕ-ਕਾਰ, ਟਰੈਕਟਰ ਅਤੇ ਮੋਟਰ-ਸਾਈਕਲ ਰੋਡ ਸ਼ੋਅ ਕੱਢਿਆ ਗਿਆ। ਇਸ ਰੋਡ ਸ਼ੋਅ ਵਿਚ ਹਜ਼ਾਰ ਤੋ ਵੱਧ ਵਹੀਕਲਾਂ ਨੇ ਭਾਗ ਲਿਆ ਅਤੇ ਜਾਣਕਾਰੀ ਮੁਤਾਬਿਕ ਤਿੰਨ ਹਜ਼ਾਰ ਤੋਂ ਉੱਪਰ ਪੰਜਾਬੀ-ਭਾਈਚਾਰੇ ਦੇ ਨਾਲ-ਨਾਲ ਹੋਰ ਭਾਈਚਾਰਿਆਂ ਨੇ ਵੀ ਇਸ ਰੋਡ ਸ਼ੋਅ ਵਿਚ ਵੱਧ-ਚੜ ਕੇ ਹਿੱਸਾ ਲਿਆ। ਇਸ ਰੋਡ ਸ਼ੋਅ ਦੀ ਖ਼ਾਸ ਗੱਲ ਇਹ ਰਹੀ ਕਿ ਇੱਥੋ ਦੇ ਜੰਮੇ ਨੌਜਵਾਨ ਬੱਚੇ-ਬੱਚੀਆਂ ਵੀ ਇਸ ਮੁਜ਼ਾਹਰੇ ਵਿਚ ਪੂਰੇ ਜਾਹੋ-ਜਲਾਲ ਵਿਚ ਪਹੁੰਚੇ ਹੋਏ ਸਨ। ਇਸ ਮੌਕੇ ਲੋਕਾਂ ਨੇ ਭਾਰਤ ਸਰਕਾਰ ਖ਼ਿਲਾਫ਼ ਅਤੇ ਕਿਸਾਨਾਂ ਦੇ ਹੱਕ ਵਿਚ ਨਾਅਰੇ ਲਾਕੇ ਪੂਰੀ ਭੜਾਸ ਕੱਢੀ ਅਤੇ ਕਾਲੇ ਕਾਨੂੰਨਾਂ ਦੀ ਰੱਜ ਕੇ ਨਿੰਦਿਆ ਕੀਤੀ। ਲੋਕਾਂ ਨੇ ਗੱਡੀਆਂ ‘ਤੇ ਕਿਸਾਨਾਂ ਦੇ ਹੱਕ ਵਿਚ ਵੱਡੇ ਝੰਡੇ ਅਤੇ ਸਟਿੱਕਰ ਆਦਿ ਲੋਗੋ ਲਾਏ ਹੋਏ ਸਨ। ਫਰਿਜ਼ਨੋ ਤੋਂ ਇਲਾਵਾ ਕਲੋਵਿਸ, ਸੈਲਮਾ, ਫਾਊਲਰ, ਕਰਮਨ, ਸਾਨਵਾਕੀਨ, ਮੰਡੇਰਾ, ਸੈਂਘਰ ਆਦਿਕ ਲਾਗਲੇ ਸ਼ਹਿਰਾਂ ਤੋ ਸਮੁੱਚੇ ਕਿਸਾਨੀ ਨਾਲ ਸੰਬੰਧਤ ਭਾਈਚਾਰੇ ਨੇ ਸ਼ਿਰਕਤ ਕੀਤੀ। ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅਸੀਂ ਤਨੋਂ, ਮਨੋਂ, ਧਨੋਂ ਪੰਜਾਬ-ਭਾਰਤ ਦੇ ਕਿਸਾਨਾਂ ਨਾਲ ਖੜ੍ਹੇ ਹਾਂ ਅਤੇ ਭਾਰਤ ਸਰਕਾਰ ਦੇ ਇਹ ਤਿੰਨੇ ਕਾਨੂੰਨਾਂ ਦਾ ਡੱਟਕੇ ਵਿਰੋਧ ਕਰਦੇ ਹਾਂ।  ਇਸ ਸਮੁੱਚੀ ਰੈਲੀ ਵਿਚ ਸ਼ਾਮਲ ਟਰੈਕਟਰ ਅਤੇ ਕਾਰਾਂ ਦਾ ਕਾਫ਼ਲਾ ਇਹ ਦੱਸ ਰਿਹਾ ਸੀ ਕਿ ਬੇਸ਼ੱਕ ਅਸੀਂ ਆਰਥਿਕ ਲੋੜਾਂ ਅਤੇ ਨੌਕਰੀਆਂ ਦੀ ਮਜਬੂਰੀ ਕਰਕੇ ਵਿਦੇਸ਼ੀ ਆ ਵਸੇ, ਪਰ ਅੱਜ ਵੀ ਅਸੀਂ ਦੁੱਖ-ਸੁੱਖ ਵਿਚ ਆਪਣੇ ਪੰਜਾਬ ਵਸਦੇ ਪਰਿਵਾਰਾਂ ਨਾਲ ਖੜ੍ਹੇ ਹਾਂ।


Share