ਫਰਿਜ਼ਨੋ ਵਿਖੇ ਕਾਰ ਹਾਦਸੇ ’ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

30
Share

-ਪੰਜਾਬੀ ਅਤੇ ਸਿੱਖ ਭਾਈਚਾਰੇ ’ਚ ਸੋਗ ਦੀ ਲਹਿਰ
ਫਰਿਜਨੋ, 21 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ਸਟੇਟ ਦੇ ਸ਼ਹਿਰ ਫਰਿਜ਼ਨੋ ’ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋਣ ਦੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਮਿ੍ਰਤਕਾਂ ’ਚ ਦੋ ਜਲੰਧਰ ਦੇ ਪਿੰਡ ਰੁੜਕਾ ਕਲਾਂ ਦੀਆਂ ਮਾਵਾਂ ਤੇ ਧੀਆਂ ਹਨ, ਜਦਕਿ ਤੀਜਾ ਉਨ੍ਹਾਂ ਦਾ ਰਿਸ਼ਤੇਦਾਰ (ਕੁੜੀ ਦਾ ਸਹੁਰਾ) ਸੀ। ਜਿਨ੍ਹਾਂ ਦੀ ਪਛਾਣ ਬੀਬੀ ਬਲਵੀਰ ਕੌਰ (ਰੁੜਕਾ ਕਲਾਂ ਤੋਂ ਸਾਬਕਾ ਬਲਾਕ ਸੰਮਤੀ ਮੈਂਬਰ) ਪਤਨੀ ਬਲਜੀਤ ਸਿੰਘ ਸਾਬਕਾ ਤਹਿਸੀਲਦਾਰ, ਉਨ੍ਹਾਂ ਦੀ ਪੁੱਤਰੀ ਪ੍ਰੀਤਜੀਤ ਕੌਰ (55) ਅਤੇ ਅਜੀਤ ਸਿੰਘ ਰਾਣਾ ਵਾਸੀ ਜੱਸੋ ਮਾਜਰਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਪਰਿਵਾਰ ਦੀ ਗੱਡੀ ਨੇ ਸੀਡਰ ਅਤੇ ਫਲੋਰਿਲ ਐਵੇਨਿਊ ’ਤੇ ਸਟਾਪ ਸਾਈਨ ਮਿੱਸ ਕਰ ਦਿੱਤਾ ਅਤੇ ਦੂਸਰੇ ਪਾਸਿਓਂ ਆਉਂਦੇ ਤੇਜ ਰਫ਼ਤਾਰ ਟਰੱਕ ਨਾਲ ਟੱਕਰ ਹੋ ਗਈ। ਟੱਕਰ ਏਨੀ ਭਿਆਨਕ ਸੀ ਕਿ ਕਾਰ ’ਚ ਇੱਕ ਤਰ੍ਹਾਂ ਦਾ ਬਲਾਸਟ ਹੋ ਗਿਆ ਅਤੇ ਕਾਰ ਨੂੰ ਅੱਗ ਲੱਗ ਗਈ ਅਤੇ ਤਿੰਨੇ ਜਾਣੇ ਅੱਗ ਵਿਚ ਝੁਲ਼ਸਣ ਕਾਰਨ ਮੌਤ ਦੇ ਮੂੰਹ ਜਾ ਪਏ। ਇਸ ਦੁਖਦਾਈ ਖ਼ਬਰ ਕਾਰਨ ਫਰਿਜ਼ਨੋ ਏਰੀਏ ਦਾ ਪੰਜਾਬੀ ਭਾਈਚਾਰਾ ਗਹਿਰੇ ਸਦਮੇ ਵਿਚ ਹੈ।
ਜ਼ਿਕਰਯੋਗ ਹੈ ਕਿ ਯੂਨੀਅਨ ਸਿਟੀ ਨਿਵਾਸੀ ਇੱਕੋ ਪਰਿਵਾਰ ਦੇ ਇਹ ਤਿੰਨ ਜੀਅ ਫਰਿਜ਼ਨੋ ਕਿਸੇ ਨੇੜਲੇ ਦੇ ਫ਼ਿਊਨਰਲ ’ਤੇ ਗਏ, ਜਿੱਥੇ ਉਹ ਭਿਆਨਕ ਸੜਕ ਦੁਰਘਟਨਾ ’ਚ ਮੌਤ ਦੇ ਮੂੰਹ ਜਾ ਪਏ।
ਸਿੱਖ ਪੰਚਾਇਤ ਵੱਲੋਂ ਇਨ੍ਹਾਂ ਬੇਵਕਤ ਹੋਈਆਂ ਮੌਤਾਂ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਵਿਛੜੀਆਂ ਹੋਈਆਂ ਜੀਵ ਆਤਮਾਵਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ, ਪਰਿਵਾਰ ਨੂੰ ਚੜ੍ਹਦੀ ਕਲਾ ਅਤੇ ਭਾਣੇ ਵਿਚ ਰਹਿਣ ਦਾ ਬਲ ਬਖ਼ਸ਼ੇ। ਪਰਿਵਾਰ ਲਈ ਇਹ ਅਕਹਿ ਤੇ ਅਸਹਿ ਸਦਮਾ ਹੈ। ਬੀਬੀ ਪ੍ਰੀਤਜੀਤ ਕੌਰ ਨੇ ਜਿੱਥੇ ਕੁਝ ਸਾਲ ਪਹਿਲਾਂ ਆਪਣੇ ਪਤੀ ਦਾ ਵਿਛੋੜਾ ਸਹਾਰਿਆ, ਉੱਥੇ ਹੁਣ ਆਪ ਇਸ ਸੰਸਾਰ ਨੂੰ ਅਲਵਿਦਾ ਆਖਕੇ ਦੋ ਨੌਜਵਾਨ ਬੱਚੇ ਲੜਕਾ ਅਤੇ ਲੜਕੀ ਪਿੱਛੇ ਛੱਡਕੇ ਤੁਰ ਗਏ ਹਨ।

Share