ਫਰਿਜ਼ਨੋ ਪੁਲਿਸ ਵੱਲੋਂ ਨੂੰਹ ਦਾ ਕਤਲ ਕਰਨ ਦੇ ਦੋਸ਼ ’ਚ ਪੰਜਾਬੀ ਸਹੁਰਾ ਗਿ੍ਰਫ਼ਤਾਰ

37
Share

ਨਿਊਯਾਰਕ/ਸੈਨਹੋਜ਼ੇ, 7 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਕੈਲੀਫੋਰਨੀਆ ਵਿਚ ਇੱਕ 74 ਸਾਲਾ ਪੰਜਾਬੀ ਵਿਅਕਤੀ ਨੇ ਪਿਛਲੇ ਹਫ਼ਤੇ ਵਾਲਮਾਰਟ ਦੇ ਦੱਖਣੀ ਸੈਨਹੋਜ਼ੇ ਦੀ ਪਾਰਕਿੰਗ ਵਿਚ ਆਪਣੀ ਨੂੰਹ ’ਤੇ ਜਾਨਲੇਵਾ ਹਮਲਾ ਕਰਦਿਆਂ ਉਸ ਨੂੰ ਗੋਲੀ ਮਾਰ ਕੇ ਜਾਨੋਂ ਮਾਰ ਦਿੱਤਾ ਸੀ। ਪੁਲਿਸ ਮੁਤਾਬਕ ਗੋਲੀ ਮਾਰ ਕੇ ਔਰਤ ਨੂੰ ਜਾਨੋਂ ਮਾਰਨ ਵਾਲਾ ਵਿਅਕਤੀ ਉਸ ਦਾ ਸਹੁਰਾ ਲੱਗਦਾ ਸੀ ਪੁਲਿਸ ਨੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਹੈ, ਜੋ ਜੇਲ੍ਹ ਵਿਚ ਬੰਦ ਹੈ। ਗੋਲੀ ਮਾਰ ਕੇ ਨੂੰਹ ਨੂੰ ਮਾਰਨ ਵਾਲੇ ਵਿਅਕਤੀ ਦੀ ਪਹਿਚਾਣ ਸੀਤਲ ਸਿੰਘ ਦੁਸਾਂਝ ਵਜੋਂ ਹੋਈ ਹੈ।¿;
ਉਸ ਨੇ ਇਸ ਘਟਨਾ ਨੂੰ ਉੱਥੇ ਅੰਜਾਮ ਦਿੱਤਾ, ਜਿੱਥੇ ਉਹ ਕੰਮ ਕਰਦੀ ਸੀ। ਆਪਣੇ ਬੇਟੇ ਨੂੰ ਤਲਾਕ ਦੇਣ ਦੀ ਯੋਜਨਾ ’ਤੇ ਗੁੱਸੇ ਵਿਚ ਉਸ ਨੇ ਔਰਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕੈਲੀਫੋਰਨੀਆ ਦੇ ਫਰਿਜ਼ਨੋ ਦੇ ਰਹਿਣ ਵਾਲੇ ਸੀਤਲ ਸਿੰਘ ਦੁਸਾਂਝ ’ਤੇ ਪੁਲਿਸ ਨੇ ਆਪਣੀ ਨੂੰਹ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਕਤਲ ਦੇ ਦੋਸ਼ ਲਗਾਏ ਹਨ। ਇਹ ਕਤਲ ਬੀਤੇ ਦਿਨੀਂ 30 ਸਤੰਬਰ ਨੂੰ ਅਲਮਾਡੇਨ ਦੇ ਨੇੜੇ ਵਾਲਮਾਰਟ ਨਾਂ ਦੇ ਸਟੋਰ ਦੀ ਪਾਰਕਿੰਗ ਲਾਟ ਵਿਚ ਹੋਇਆ ਸੀ।¿;
ਸੀਤਲ ਸਿੰਘ ਦੁਸਾਂਝ ਦੀ ਗਿ੍ਰਫ਼ਤਾਰੀ ਦੀ ਅਗਵਾਈ ਕਰਨ ਵਾਲੀ ਪੁਲਿਸ ਜਾਂਚ ਤੋਂ ਪਤਾ ਚੱਲਿਆ ਹੈ ਕਿ ਉਸ ਨੂੰ ਮਾਰਨ ਲਈ ਉਸ ਦੇ ਸਹੁਰੇ ਸੀਤਲ ਸਿੰਘ ਦੁਸਾਂਝ ਨੇ 150 ਮੀਲ ਦਾ ਸਫ਼ਰ ਕੀਤਾ ਸੀ। ਉਸ ਵੱਲੋਂ ਮਾਰੀ ਗਈ ਆਪਣੀ ਨੂੰਹ ਜਿਸ ਦਾ ਨਾਂ ਗੁਰਪ੍ਰੀਤ ਕੌਰ ਦੁਸਾਂਝ ਸੀ, ਦੀ ਮੌਤ ਬਾਰੇ ਵਾਲਮਾਰਟ ਦੇ ਇੱਕ ਸਹਿਕਰਮੀ ਨੇ ਉਸ ਦੀ ਲਾਸ਼ ਪਾਰਕਿੰਗ ਲਾਟ ਵਿਚ ਇਕ ਕਾਰ ਵਿਚ ਪਈ ਦੇਖੀ, ਜੋ ਘੱਟੋ-ਘੱਟ ਦੋ ਗੋਲੀਆਂ ਦੇ ਜ਼ਖ਼ਮਾਂ ਤੋਂ ਪੀੜਤ ਸੀ। ਉਸ ਨੂੰ ਘਟਨਾ ਸਥਾਨ ’ਤੇ ਹੀ ਮਿ੍ਰਤਕ ਐਲਾਨ ਕਰ ਦਿੱਤਾ ਗਿਆ ਸੀ। ਅਗਲੀ ਸਵੇਰ, ਨੂੰ ਸੀਤਲ ਸਿੰਘ ਦੁਸ਼ਾਂਝ ਨੂੰ ਫਰਿਜ਼ਨੋ ਵਿਚ ਉਸਦੇ ਘਰ ਤੋਂ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ। ਸਾਂਤਾ ਕਲਾਰਾ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਵੱਲੋਂ ਬੁੱਧਵਾਰ ਨੂੰ ਦਰਜ ਕੀਤੇ ਗਏ ਕਤਲ ਦੇ ਦੋਸ਼ਾਂ ਦੇ ਨਾਲ ਇੱਕ ਪੁਲਿਸ ਤਫ਼ਤੀਸ਼ੀ ਅਨੁਸਾਰ, ਰਿਹਾਇਸ਼ ਦੀ ਤਲਾਸ਼ੀ ਦੇ ਦੌਰਾਨ, ਪੁਲਿਸ ਨੇ ਇੱਕ .22 ਕੈਲੀਬਰ ਬੇਰੇਟਾ ਪਿਸਤੌਲ ਵੀ ਬਰਾਮਦ ਕੀਤਾ। ਸੀਤਲ ਸਿੰਘ ਦੁਸਾਂਝ ਹੁਣ ਸੈਨਹੋਜ਼ੇ ਕੈਲੀਫੋਰਨੀਆ ਦੀ ਮੇਨ ਜੇਲ੍ਹ ਵਿਚ ਨਜ਼ਰਬੰਦ ਹੈ।

Share