ਫਰਿਜ਼ਨੋ ਨਿਵਾਸੀ ਹਰਭਜਨ ਸਿੰਘ ਰੰਧਾਵਾ ਨੇ ਪੰਜਾਬੀਆਂ ਦਾ ਨਾਮ ਚਮਕਾਇਆ

377
Share

ਫਰਿਜ਼ਨੋ, 21 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਬੀਤੇ ਸ਼ਨੀਵਾਰ ਫਰਿਜ਼ਨੋ ਦੇ ਵੁੱਡਵਰਡ ਪਾਰਕ ’ਚ ਹਾਫ਼ ਮੈਰਾਥਾਨ ਦੌੜ ਕਰਵਾਈ ਗਈ। ਇਸ ਦੌੜ ’ਚ 110 ਦੇ ਕਰੀਬ ਲੋਕਾਂ ਨੇ ਭਾਗ ਲਿਆ। ਇਹ ਦੌੜ 21 ਕਿਲੋਮੀਟਰ ਲੰਮੀ ਸੀ ਅਤੇ ਇਸ ਦੌੜ ਵਿਚ 60 ਤੋਂ 90 ਸਾਲ ਵਰਗ ’ਚ ਫਰਿਜ਼ਨੋ ਨਿਵਾਸੀ ਸੰਨੀ ਸਿੰਘ ਰੰਧਾਵਾ ਦੇ ਪਿਤਾ ਹਰਭਜਨ ਸਿੰਘ ਰੰਧਾਵਾ (66) ਨੇ ਦੂਸਰਾ ਸਥਾਨ ਹਾਸਲ ਕਰਕੇ ਪੰਜਾਬੀ ਭਾਈਚਾਰੇ ਦਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ। ਹਰਭਜਨ ਸਿੰਘ ਰੰਧਾਵਾ ਵਿਜ਼ਟਰ ਵੀਜ਼ੇ ’ਤੇ ਅਕਸਰ ਆਪਣੇ ਬੇਟੇ ਕੋਲ ਫਰਿਜ਼ਨੋ ਆਉਂਦੇ-ਜਾਂਦੇ ਰਹਿੰਦੇ ਨੇ। ਉਹ ਪੰਜਾਬ ਤੋਂ ਅੰਮਿ੍ਰਤਸਰ ਸ਼ਹਿਰ ਦੀ ਰਣਜੀਤ ਐਵੇਨਿਊ ਕਲੋਨੀ, ਏ ਬਲਾਕ ਨਾਲ ਸਬੰਧ ਰੱਖਦੇ ਹਨ। ਉਨ੍ਹਾਂ 2019 ਅਤੇ 20 ਵਿਚ ਚੰਡੀਗੜ੍ਹ ਵਿਖੇ ਹੋਈ ਮੈਰਾਥਾਨ ’ਚ ਵੀ ਭਾਗ ਲਿਆ ਸੀ ਅਤੇ ਹੁਣ ਉਹ 3 ਅਕਤੂਬਰ ਨੂੰ ਫਰਿਜ਼ਨੋ ਡਾਊਨ ਟਾਊਨ ਵਿਖੇ ਹੋਣ ਵਾਲੀ ਅਗਲੀ ਹਾਫ਼ ਮੈਰਾਥਾਨ ਵਿਚ ਭਾਗ ਲੈਣ ਲਈ ਤਿਆਰੀ ਕਰ ਰਹੇ ਹਨ। ਉਨ੍ਹਾਂ ਇੰਡੀਅਨ ਨੇਵੀ ਦੇ ਨਾਲ-ਨਾਲ ਮਰਚਿੰਡ ਨੇਵੀ ਵਿਚ ਵੀ ਬਤੌਰ ਇੰਜੀਨੀਅਰ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ ਹਾਰਟ ਦੀ ਪ੍ਰਾਬਲਮ ਹੋਣ ਕਰਕੇ ਦੋ ਸਟੰਟ ਵੀ ਪੈ ਚੁੱਕੇ ਹਨ। ਪਰ ਉਨ੍ਹਾਂ ਦਿਲ ਦੀ ਬਿਮਾਰੀ ਨੂੰ ਆਪਣੇ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ, ਸਗੋਂ ਹਰ ਰੋਜ਼ ਸਵੇਰ ਚਾਰ ਵਜੇ ਉੱਠ ਕੇ ਕਸਰਤ ਕਰਦੇ ਹਨ ਤੇ ਆਪਣੇ ਆਪ ਨੂੰ ਪੂਰਾ ਫਿੱਟ ਰੱਖਿਆ ਹੋਇਆ ਹੈ। ਫਰਿਜ਼ਨੋ ਦਾ ਪੰਜਾਬੀ ਭਾਈਚਾਰਾ ਹਰਭਜਨ ਸਿੰਘ ਰੰਧਾਵਾ ਦੀ ਜਿੱਤ ’ਤੇ ਮਾਣ ਮਹਿਸੂਸ ਕਰ ਰਿਹਾ ਹੈ।

Share