ਫਰਿਜ਼ਨੋ ਦੇ ਸਿੱਖ ਭਾਈਚਾਰੇ ਨੇ ਫਤਹਿ ਦਿਵਸ ਮਨਾਇਆ

222
ਫਰਿਜ਼ਨੋ ਦੇ ਸਿੱਖ ਭਾਈਚਾਰੇ ਵੱਲੋਂ ਮਨਾਏ ਗਏ ‘ਫਤਹਿ ਦਿਵਸ’ ਦਾ ਦ੍ਰਿਸ਼।
Share

‘‘ਅਮਰੀਕਨ ਅਧਿਕਾਰੀਆਂ ਨੇ ਸਿੱਖ ਭਾਈਚਾਰੇ ਨਾਲ ਖੜ੍ਹਨ ਦੀ ਵਚਨਬੱਧਤਾ ਪ੍ਰਗਟਾਈ’’
ਫਰਿਜ਼ਨੋ, 2 ਫਰਵਰੀ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਜਿਸ ਤਰ੍ਹਾਂ ਕਿਸਾਨ ਅੰਦੋਲਨ ਦੇ ਸ਼ੁਰੂ ਵਿਚ ਦੁਨੀਆਂ ਦੀ ਭਾਰਤ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਸਭ ਤੋਂ ਪਹਿਲੀ ਰੈਲੀ ਫਰਿਜ਼ਨੋ ਵਿਖੇ ਹੋਈ ਸੀ। ਜਿਸ ਤੋਂ ਬਾਅਦ ਬਹੁਤ ਰੈਲੀਆਂ ਅਤੇ ਫੰਡ ਰੇਜ਼ਰ ਹੋਏ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਮਦਦ ਕੀਤੀ। ਇਸ ਕਿਸਾਨ ਅੰਦੋਲਨ ਦੀ ਸਫਲਤਾ ਤੋਂ ਬਾਅਦ ਫਰਿਜ਼ਨੋ ਵਿਖੇ ਸਮੁੱਚੇ ਅਮਰੀਕਨ ਸਿੱਖ ਭਾਈਚਾਰੇ ਵੱਲੋਂ ਫਤਹਿ ਦਿਵਸ ਮਨਾਉਂਦੇ ਹੋਏ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਜਿਸ ਵਿਚ ਭਾਰਤੀ ਭਾਈਚਾਰੇ ਤੋਂ ਇਲਾਵਾ ਅਮਰੀਕਾ ਦੇ ਵੱਖ-ਵੱਖ ਵਿਭਾਗਾਂ ਤੋਂ ਸਰਕਾਰੀ ਅਧਿਕਾਰੀ ਸ਼ਾਮਲ ਹੋਏ ਅਤੇ ਸਮੁੱਚੇ ਸਿੱਖ ਭਾਈਚਾਰੇ ਨੂੰ ਹਰ ਸਮੇਂ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ। ਜਿਨ੍ਹਾਂ ਵਿਚ ਫਰਿਜ਼ਨੋ ਸਿਟੀ ਕੌਂਸਲ ਦੇ ਮੇਅਰ ਜੈਰੀ ਡਾਇਰ ਅਤੇ ਸਾਰੇ ਕੌਂਸਲ ਮੈਂਬਰ, ਇਲਾਕੇ ਦੇ ਕਾਂਗਰਸਮੈਨ ਡੇਵਿਡ ਵਲਡਿਉ ਅਤੇ ਹੋਰ ਵੱਡੇ ਅਧਿਕਾਰੀ ਸ਼ਾਮਲ ਸਨ।
ਫਰਿਜ਼ਨੋ ਦੇ ਸਿੱਖ ਭਾਈਚਾਰੇ ਵੱਲੋਂ ਮਨਾਏ ਗਏ ‘ਫਤਹਿ ਦਿਵਸ’ ਦੌਰਾਨ ਹਾਜ਼ਰ ਸ਼ਖਸੀਅਤਾਂ।

ਇਸ ਸਮੇਂ ਖਾਸ ਤੌਰ ’ਤੇ ਭਾਰਤ ਤੋਂ ਡਾ. ਵਰਿੰਦਰਪਾਲ ਸਿੰਘ, ਇੰਗਲੈਂਡ ਤੋਂ ਯੂਨਾਈਟਿਡ ਨੇਸ਼ਨ ਦੇ ਅਡਵਾਈਜ਼ਰ ਡਾ. ਇਕਤੀਦਾਰ ਚੀਮਾ ਨੇ ਸਿੱਖਾਂ ਦੀ ਦੁਨੀਆਂ ਦੇ ਸਮੁੱਚੇ ਭਾਈਚਾਰੇ ਲਈ ਦੇਣ ਅਤੇ ਆ ਰਹੀਆਂ ਮੁਸ਼ਕਲਾਂ ਬਾਰੇ ਭਾਸ਼ਨ ਦਿੱਤੇ। ਇਸ ਮੌਕੇ ਫਰਿਜ਼ਨੋ ਸਿਟੀ ਕੌਂਸਲ ਕੋਲ ਸਿੱਖ ਭਾਈਚਾਰੇ ਲਈ ਸਕੂਲਾਂ ਅਤੇ ਹੋਰ ਥਾਂਵਾਂ ’ਤੇ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਗੱਲ ਹੋਈ। ਇਸ ਸਮੁੱਚੇ ਪ੍ਰੋਗਰਾਮ ਦਾ ਟੀਚਾ ਭਾਰਤ ਦੇ ਕਿਸਾਨੀ ਭਾਈਚਾਰੇ ਨੂੰ ਉੱਚਾ ਚੁੱਕਣਾ, ਇੱਥੋਂ ਦੇ ਸਿੱਖ ਭਾਈਚਾਰੇ ਵੱਲੋਂ ਸਿੱਖਿਆ ਦੇ ਖੇਤਰ ਵਿਚ ਪੰਜਾਬ ਦੀ ਮਦਦ ਕਰਨ ਵਰਗੇ ਵਿਸ਼ੇ ਵੀ ਸਾਮਲ ਰਹੇ। ਇਸ ਪ੍ਰੋਗਰਾਮ ਦੌਰਾਨ ਫਰਿਜ਼ਨੋ ਸਿਟੀ ਕੌਂਸਲ ਵੱਲੋਂ ਇਤਿਹਾਸ ਸਿਰਜਦੇ ਹੋਏ 30 ਜਨਵਰੀ ਦਾ ਦਿਨ ‘‘ਫਤਹਿ ਦਿਵਸ’’ ਦੇ ਤੌਰ ’ਤੇ ਦਰਜ ਕੀਤਾ ਗਿਆ। ਆਉਣ ਵਾਲੇ ਹਰ ਸਾਲ ਹੁਣ ਅਮਰੀਕਾ ਵੱਲੋਂ ਸਰਕਾਰੀ ਤੌਰ ’ਤੇ 30 ਜਨਵਰੀ ਨੂੰ ਫਤਹਿ ਦਿਵਸ ਕਰਕੇ ਮਨਾਇਆ ਜਾਇਆ ਕਰੇਗਾ।

ਫਰਿਜ਼ਨੋ ਦੇ ਸਿੱਖ ਭਾਈਚਾਰੇ ਵੱਲੋਂ ਮਨਾਏ ਗਏ ‘ਫਤਹਿ ਦਿਵਸ’ ਦੌਰਾਨ ਹਾਜ਼ਰ ਸ਼ਖਸੀਅਤਾਂ।

ਇਸ ਮੌਕੇ ਸਿਟੀ ਅਧਿਕਾਰੀਆਂ ਵੱਲੋਂ ਪੰਜਾਬੀ ਭਾਈਚਾਰੇ ਲਈ ਸ਼ਹਿਰ ਵਿਚ 40 ਏਕੜ ਵਿਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਖ਼ੂਬਸੂਰਤ ਪਾਰਕ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਰਾਜ ਪੰਨੂ ਨੇ ਬਾਖੂਬੀ ਨਿਭਾਇਆ। ਵਿਦੇਸ਼ਾਂ ਵਿਚ ਰਹਿੰਦੇ ਹੋਏ ਅਮਰੀਕਨ ਭਾਈਚਾਰੇ ਵੱਲੋਂ ਇਹ ਪ੍ਰੋਗਰਾਮ ਆਪਸੀ ਸਾਂਝ ਦਾ ਸੁਨੇਹਾ ਦਿੰਦਾ ਇਤਿਹਾਸਕ ਪੈੜਾਂ ਪਾ ਗਿਆ।


Share