ਫਰਿਜ਼ਨੋ, 6 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਲੇਬਰ-ਡੇਅ ਵੀਕਐਂਡ ਨੂੰ ਮੁੱਖ ਰੱਖਦਿਆਂ ਸਾਊਥ ਕੈਲੀਫੋਰਨੀਆਂ ਦੇ ਸ਼ਹਿਰ ਅਰਵਿੰਗ ਵਿਚ ਚੋਣਵੀਆਂ ਸਾਕਰ ਕਲੱਬਾਂ ਦਾ ਸ਼ਾਨਦਾਰ ਟੂਰਨਾਮੈਂਟ ਬੜੇ ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਇਹ ਟੂਰਨਾਮੈਂਟ ਕਰੋਨਾਂ ਮਹਾਮਾਰੀ ਦੇ ਟੀਕਾਕਰਨ ਤੋਂ ਬਾਅਦ ਕਰਵਾਇਆ ਗਿਆ ਪਹਿਲਾ ਵੱਡਾ ਟੂਰਨਾਮੈਂਟ ਸੀ। ਇਸ ਟੂਰਨਾਮੈਂਟ ’ਚ 6 ਸਾਕਰ ਕਲੱਬਾਂ ਨੇ ਭਾਗ ਲਿਆ ਅਤੇ ਫਸਵੇਂ ਫ਼ਾਈਨਲ ਮੁਕਾਬਲੇ ਵਿਚ ਫਰਿਜ਼ਨੋ ਲਾਇਨਜ਼ ਕਲੱਬ ਨੇ ਸਿਟੀ ਆਫ ਤਮੈਕੁਲਾ ਦੀ ਟੀਮ ਨੂੰ 2-1 ਨਾਲ ਹਰਾਕੇ ਖਿਤਾਬ ਆਪਣੇ ਨਾਮ ਕੀਤਾ।

ਪੰਜਾਬੀ ਭਾਈਚਾਰੇ ਲਈ ਇਹ ਜਿੱਤ ਇਸ ਕਰਕੇ ਵੀ ਖ਼ਾਸ ਰਹੀ, ਕਿਉਕਿ ਲਾਇਨਜ਼ ਕਲੱਬ ਫਰਿਜ਼ਨੋ ਦਾ ਕੈਪਟਨ 17 ਸਾਲਾ ਇੰਦਰਪਾਲ ਪੰਜਾਬੀ ਹੈ ਅਤੇ ਇੰਦਰਪਾਲ ਦੀ ਕਪਤਾਲੀ ਹੇਠ ਲਾਇਨਜ਼ ਕਲੱਬ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦ੍ਰਸ਼ਨ ਕੀਤਾ। ਹਰ ਕੋਈ ਇੰਦਰਪਾਲ ਦੀ ਖੇਡ ਦੀ ਤਰੀਫ਼ ਕਰਦਾ ਨਜ਼ਰ ਆਇਆ ਤੇ ਇਹ ਮੌਕਾ ਪੰਜਾਬੀ ਭਾਈਚਾਰੇ ਲਈ ਖ਼ਾਸ ਮਾਣ ਵਾਲਾ ਹੋ ਨਿਬੜਿਆ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇੰਦਰਪਾਲ ਉੱਘੇ ਸੰਗੀਤਕਾਰ ਅਤੇ ਗੀਤਕਾਰ ਪੱਪੀ ਭਦੌੜ ਦਾ ਭਾਣਜਾ ਹੈ ਅਤੇ ਇੰਦਰਪਾਲ ਨੇ ਆਪਣੇ ਮਾਪੇ ਜਿੰਦਰ ਅਤੇ ਰਾਣੀ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ। ਇੰਦਰਪਾਲ ਦਾ ਵੱਡਾ ਭਰਾ ਵੀ ਸਾਕਰ ਦਾ ਚੋਟੀ ਦਾ ਖਿਡਾਰੀ ਹੈ।