ਫਰਿਜ਼ਨੋ ’ਚ ਹੋਇਆ ਇਸ ਸਾਲ ਦਾ 46ਵਾਂ ਕਤਲ

416
Share

ਫਰਿਜ਼ਨੋ, 10 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ’ਚ ਐਤਵਾਰ 8 ਅਗਸਤ ਨੂੰ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ। ਫਰਿਜ਼ਨੋ ਪੁਲਿਸ ਨੇ ਇਸ ਕਤਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ 20 ਸਾਲਾਂ ਦੇ ਵਿਅਕਤੀ ਨੂੰ ਐਤਵਾਰ ਸਵੇਰੇ ਫਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਨਜ਼ਦੀਕ ਟੋਪਾਂਗਾ ਰਿਜ ਅਪਾਰਟਮੈਂਟਸ ਦੇ ਬਾਹਰ ਕਈ ਵਾਰ ਗੋਲੀ ਮਾਰੀ ਗਈ, ਜਿਸ ਨਾਲ ਉਸਦੀ ਮੌਤ ਹੋ ਗਈ। ਪੁਲਿਸ ਅਨੁਸਾਰ ਫਰਿਜ਼ਨੋ ਵਿਚ ਇਹ ਕਤਲ ਇਸ ਸਾਲ ਦਾ 46ਵਾਂ ਕਤਲ ਹੈ। ਇਸ ਘਟਨਾ ਦੇ ਸਬੰਧ ਵਿਚ ਫਰਿਜ਼ਨੋ ਪੁਲਿਸ ਨੇ ਸੂਚਨਾ ਮਿਲਣ ਉਪਰੰਤ ਮੈਪਲ ਅਤੇ ਸੈਨ ਗੈਬਰੀਅਲ ਐਵੇਨਿਊਜ਼ ਦੇ ਚੌਰਾਹੇ ’ਤੇ ਸਵੇਰੇ 12:30 ਵਜੇ ਦੇ ਕਰੀਬ ਕਾਰਵਾਈ ਕੀਤੀ ਅਤੇ ਪੀੜਤ ਦੇ ਸਰੀਰ ਦੇ ਉਪਰਲੇ ਹਿੱਸੇ ’ਤੇ ਕਈ ਗੋਲੀਆਂ ਲੱਗੀਆਂ ਸਨ। ਇਸ ਵਿਅਕਤੀ ਨੂੰ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਉਸਨੂੰ ਦੁਪਹਿਰ 1 ਵਜੇ ਮਿ੍ਰਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਦੁਆਰਾ ਮਿ੍ਰਤਕ ਦੀ ਪਛਾਣ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਅਤੇ ਪੁਲਿਸ ਦੁਆਰਾ ਇਸ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Share