ਫਰਿਜ਼ਨੋ ’ਚ ਭਿਆਨਕ ਕਾਰ ਹਾਦਸੇ ਦੌਰਾਨ 2 ਹਰਿਆਣਵੀ ਨੌਜਵਾਨਾਂ ਦੀ ਮੌਤ

76
Share

ਫਰਿਜ਼ਨੋ, 25 ਅਪ੍ਰੈਲ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਅਮਰੀਕਾ ਦੇ ਨੌਰਥ/ਵੈਸਟ ਫਰਿਜ਼ਨੋ ਦੇ ਵਾਟਰ ਪਾਰਕ ਕੋਲ ਇੱਕ ਭਿਆਨਕ ਕਾਰ ਹਾਦਸਾ ਵਾਪਰਿਆ। ਇਸ ਦੌਰਾਨ ਸ਼ੁੱਕਰਵਾਰ ਤਕਰੀਬਨ ਅੱਧੀ ਰਾਤ ਇੱਕ ਤੇਜ਼ ਰਫ਼ਤਾਰ ਜੀਪ, ਜਿਸ ਵਿਚ ਚਾਰ ਨੌਜਵਾਨ ਸਵਾਰ ਸਨ, ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਅਤੇ ਪਲਟ ਗਈ, ਜਿਸ ਦੌਰਾਨ ਪਿਛਲੀ ਸੀਟ ’ਤੇ ਬੈਠੇ ਦੋ ਨੌਜਵਾਨ ਜੀਪ ਤੋਂ ਬਾਹਰ ਜਾ ਡਿੱਗੇ ਅਤੇ ਮੌਕੇ ’ਤੇ ਹੀ ਦਮ ਤੋੜ ਗਏ। ਤੀਸਰਾ ਵਿਅਕਤੀ ਜੋ ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਬੈਠਾ ਸੀ, ਉਹ ਗੰਭੀਰ ਜ਼ਖ਼ਮੀ ਪਾਇਆ ਗਿਆ, ਉਸ ਨੂੰ ਸਥਾਨਕ ਕਮਿਊਨਟੀ ਹਸਪਤਾਲ ਪਹੁੰਚਾਇਆ ਗਿਆ।
ਜਦੋਂਕਿ ਡਰਾਈਵਰ ਘਟਨਾ ਵਾਲੀ ਸਥਾਨ ਤੋਂ ਬਚ ਨਿਕਲਿਆ। ਜ਼ਖ਼ਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ ’ਤੇ ਜਦੋਂ ਪੁਲਿਸ ਉਕਤ ਨੌਜਵਾਨਾਂ ਦੇ ਅਪਾਰਟਮੈਂਟ ਵਿਚ ਅੱਪੜੀ, ਤਾਂ ਉਨ੍ਹਾਂ ਦੇ ਪੈਰਾ ਹੇਠੋਂ ਜ਼ਮੀਨ ਨਿਕਲ ਗਈ। ਪੁਲਿਸ ਮੁਤਾਬਕ ਅਪਾਰਟਮੈਂਟ ਐਨਾਂ ਕੁ ਗੰਦਾ ਸੀ ਕਿ ਉੱਥੇ ਜਾਣਕਾਰੀ ਇਕੱਤਰ ਕਰਨ ਲਈ ਖੜ੍ਹਨਾ ਵੀ ਮੁਸ਼ਕਲ ਹੋ ਰਿਹਾ ਸੀ। ਥਾਂ-ਥਾਂ ਸ਼ਰਾਬ ਦੀਆਂ ਪਈਆਂ ਖਾਲੀ ਬੋਤਲਾਂ, ਸਿਗਰਟ ਦੇ ਟੋਟੇ, ਸਿੰਕ ਵਿਚ ਲੱਗਾ ਗੰਦਗੀ ਦਾ ਢੇਰ ਐਕਸੀਡੈਂਟ ਬਾਰੇ ਸਭ ਕੁਝ ਬਿਆਨ ਕਰ ਰਿਹਾ ਸੀ ਕਿ ਇਹ ਐਕਸੀਡੈਂਟ ਕੋਈ ਸਾਧਾਰਨ ਹੈ, ਬਲਕਿ ਇਸ ਵਿਚ ਸ਼ਰਾਬ ਤੇਜ਼ ਰਫ਼ਤਾਰ ਸਭ ਕੁਝ ਸ਼ਾਮਲ ਹੈ।
ਪੁਲਿਸ ਮੁਤਾਬਕ ਚਾਰੇ ਨੌਜਵਾਨ ਭਾਰਤ ਦੇ ਹਰਿਆਣਾ ਸੂਬੇ ਨਾਲ ਸਬੰਧਤ ਹਨ ਅਤੇ ਹਾਲੇ ਇਨ੍ਹਾਂ ਦੀ ਪਹਿਚਾਣ ਜਾਰੀ ਨਹੀਂ ਕੀਤੀ ਗਈ ਪਰ ਪੁਲਿਸ ਡਰਾਈਵਰ ਦੀ ਭਾਲ ਕਰ ਰਹੀ ਹੈ, ਜਿਸ ’ਤੇ ਭਾਰੀ ਚਾਰਜ ਲੱਗਣ ਦੀ ਸੰਭਾਵਨਾ ਹੈ।

Share