ਫਰਿਜ਼ਨੋ ‘ਚ ਫੋਸਟਰ ਫਾਰਮਜ਼ ਦੇ ਪੋਲਟਰੀ ਪਲਾਂਟ ਵਿੱਚ ਲੱਗਭਗ  200 ਕਾਮੇ ਹੋਏ ਕੋਰੋਨਾਂ ਪੀੜਤ

526
Share

ਫਰਿਜ਼ਨੋ, 6 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਕੈਲੀਫੋਰਨੀਆਂ ਸੂਬੇ ਦੇ ਫਰਿਜ਼ਨੋ ‘ਚ ਇੱਕ ਪੋਲਟਰੀ ਪਲਾਂਟ ਦੇ ਕਾਮਿਆਂ ਨੂੰ ਕੋਰੋਨਾਵਾਇਰਸ ਨੇ ਲਪੇਟ ਵਿਚ ਲਿਆ ਹੈ। ਇਸ ਖੇਤਰ ‘ਚ ਫੋਸਟਰ ਫਾਰਮਜ਼ ਦੇ ਚੈਰੀ ਸਟ੍ਰੀਟ ਸਥਿਤ ਪੋਲਟਰੀ ਪਲਾਂਟ ਦੇ ਲਗਭਗ 200 ਕਾਮੇ ਕੋਰੋਨਾ ਤੋਂ ਪੀੜਤ ਹੋਏ ਹਨ, ਜਿਸ ਕਾਰਨ ਇਸ ਪਲਾਂਟ ਨੂੰ ਬੰਦ ਕੀਤਾ ਜਾਵੇਗਾ। ਫੋਸਟਰ ਫਾਰਮਜ਼ ਦੇ ਕਮਿਊਨੀਕੇਸ਼ਨ ਦੀ ਉਪ-ਪ੍ਰਧਾਨ ਈਰਾ ਬ੍ਰਿੱਲ ਦੇ ਅਨੁਸਾਰ ਪਿਛਲੇ ਦੋ ਹਫਤਿਆਂ ਵਿਚ, ਦੱਖਣ-ਪੱਛਮੀ ਫਰਿਜ਼ਨੋ ਵਿਚ 1,400 ਵਿਅਕਤੀਆਂ ਦੇ ਇਸ ਪਲਾਂਟ ਵਿਚ 193 ਕਾਮਿਆਂ ਨੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤੇ ਹਨ, ਜਦਕਿ ਕਿਸੇ ਵੀ ਕਰਮਚਾਰੀ ਨੇ ਕੋਈ ਲੱਛਣ ਨਹੀਂ ਦਿਖਾਇਆ ਸੀ। ਕੰਪਨੀ ਨੇ ਪੀੜਤ ਹੋਏ ਕਰਮਚਾਰੀਆਂ ਅਤੇ ਉਨ੍ਹਾਂ ਦੇ ਨੇੜਲੇ ਸੰਪਰਕਾਂ ਨੂੰ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਹੈ ਅਤੇ ਫਾਰਮ ਦੇ ਅਧਿਕਾਰੀਆਂ ਅਨੁਸਾਰ ਹਫਤੇ ਦੇ ਅਖੀਰ ਵਿਚ ਪੋਲਟਰੀ ਪ੍ਰੋਸੈਸਿੰਗ ਪਲਾਂਟ ਦੀ ਚੰਗੀ ਤਰ੍ਹਾਂ ਸਫਾਈ ਵੀ ਕੀਤੀ ਜਾਵੇਗੀ। ਬ੍ਰਿੱਲ ਅਨੁਸਾਰ ਚੈਰੀ ਸਟ੍ਰੀਟ ਦੇ ਇਸ ਪਲਾਂਟ ਦੇ ਦੁਬਾਰਾ ਖੁੱਲ੍ਹਣ ਤੋਂ ਬਾਅਦ ਇਸ ਦੇ ਸਾਰੇ ਕਰਮਚਾਰੀਆਂ ਦੀ ਹਫਤੇ ਵਿਚ ਦੋ ਵਾਰ ਜਾਂਚ ਕੀਤੀ ਜਾਵੇਗੀ। ਕੰਪਨੀ ਦੇ ਅਨੁਸਾਰ ਇਸ ਸਾਲ ਦੇ ਸ਼ੁਰੂ ‘ਚ ਮਹਾਂਮਾਰੀ ਦੇ ਸ਼ੁਰੂਆਤੀ ਪ੍ਰਕੋਪ ਤੋਂ ਬਾਅਦ ਫਰਿਜ਼ਨੋ ਦੇ ਦੋ ਫੋਸਟਰ ਫਾਰਮਾਂ ਦੇ ਕੁੱਝ ਕਰਮਚਾਰੀ ਕੋਰੋਨਾਵਾਇਰਸ ਨਾਲ ਮਰ ਚੁੱਕੇ ਹਨ।


Share