ਫਰਿਜ਼ਨੋ ਕਾਉਂਟੀ ‘ਚ ਇਸ ਤਰ੍ਹਾਂ ਹੋਵੇਗੀ ਕੋਰੋਨਾਵਾਇਰਸ ਟੀਕਾਕਰਣ ਦੀ ਯੋਜਨਾ

533

ਫਰਿਜ਼ਨੋ, 14 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ‘ਚ ਕੋਰੋਨਾਵਾਇਰਸ ਮਹਾਂਮਾਰੀ ਦੇ ਇਲਾਜ ਲਈ ਫਾਈਜਰ ਦੇ ਟੀਕੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਟੀਕਾਕਰਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਲਈ ਕੈਲੀਫੋਰਨੀਆ ਸੂਬੇ ਦੀ ਫਰਿਜ਼ਨੋ ਕਾਉਂਟੀ ਵੀ ਕੋਵਿਡ-19 ਟੀਕਿਆਂ ਦੇ ਆਉਣ ਦੀ ਤਿਆਰੀ ਕਰ ਰਹੀ ਹੈ। ਇਸ ਸੰਬੰਧੀ ਜਨਤਕ ਸਿਹਤ ਵਿਭਾਗ ਟੀਕੇ ਵੰਡਣ ਲਈ ਕਮਿਊਨਿਟੀ ਆਧਾਰਿਤ ਸੰਸਥਾਵਾਂ ਨਾਲ ਮਿਲ ਕੇ ਕੰਮ ਕਰੇਗਾ। ਫਰਿਜ਼ਨੋ ਦੇ ਸਿਹਤ ਅਧਿਕਾਰੀਆਂ ਦੁਆਰਾ ਕੈਲੀਫੋਰਨੀਆ ਦੇ ਜਨ ਸਿਹਤ ਵਿਭਾਗ ਨੂੰ ਦੱਸੀ ਗਈ ਯੋਜਨਾ ਅਨੁਸਾਰ ਪੈਰਾ ਮੈਡੀਕਲ ਅਤੇ ਫਾਇਰ ਏਜੰਸੀਆਂ ਦੇ ਨਾਲ ਕਈ ਪ੍ਰਮੁੱਖ ਹਸਪਤਾਲ ਜਿਵੇਂ ਕਿ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ, ਕਾਇਸਰ, ਸੇਂਟ ਐਗਨੇਸ ਅਤੇ ਐਡਵੈਂਟਿਸਟ ਹੈਲਥ ਵਰਗੇ ਵੱਡੇ ਹਸਪਤਾਲਾਂ ਨੂੰ ਟੀਕੇ ਦੀ ਪਹਿਲੀ ਖੇਪ ਮਿਲੇਗੀ, ਜਿਸ ਨਾਲ ਕਿ ਕਈ ਕਮਿਊਨਿਟੀ ਮੈਡੀਕਲ ਪ੍ਰੋਵਾਈਡਰ ਜਿਵੇਂ ਕਿ ਪੀਚਵੁੱਡ ਮੈਡੀਕਲ ਸਮੂਹ, ਯੂਨਾਈਟਿਡ ਹੈਲਥ ਸੈਂਟਰ ਅਤੇ ਹੋਰ ਮੈਡੀਕਲ ਸਹੂਲਤਾਂ ਆਪਣੇ ਕਰਮਚਾਰੀਆਂ ਨੂੰ ਟੀਕਾ ਲਗਾਉਣਗੇ। ਫਰਿਜ਼ਨੋ ਕਾਉਂਟੀ ਨੂੰ 15 ਦਸੰਬਰ ਦੇ ਨੇੜ ਕੋਰੋਨਾ ਟੀਕੇ ਦੀਆਂ ਦੋ ਵਾਰ ਮਿਲਣ ਵਾਲੀਆਂ ਖੁਰਾਕਾਂ ਵਿਚੋਂ 7,800 ਦੀ ਪਹਿਲੀ ਖੇਪ ਮਿਲਣ ਦੀ ਉਮੀਦ ਹੈ, ਜਦਕਿ ਦੂਜੀ ਵੱਡੀ ਸਪਲਾਈ ਮਹੀਨੇ ਦੇ ਅੰਤ ਮਿਲਣ ਦੀ ਸੰਭਾਵਨਾ ਹੈ। ਟੀਕੇ ਸੰਬੰਧੀ ਗਵਰਨਰ ਗੈਵਿਨ ਨਿਊਸਮ ਦੇ ਟਵੀਟ ਅਨੁਸਾਰ ਕੁਝ ਟੀਕੇ ਹਫਤੇ ਦੇ ਅਖੀਰ ਤੱਕ ਰਾਜ ਵਿਚ ਪਹੁੰਚ ਸਕਦੇ ਹਨ। ਫਰਿਜ਼ਨੋ ਦੇ ਜ਼ਿਆਦਾਤਰ ਹਸਪਤਾਲਾਂ ਨੂੰ ਮਿਲਣ ਵਾਲੇ ਟੀਕਿਆਂ ਦੀ ਜਾਣਕਾਰੀ ਨਹੀਂ ਹੈ ਅਤੇ ਟੀਕੇ ਦੀਆਂ ਮਿਲਣ ਵਾਲੀਆਂ ਪਹਿਲੀਆਂ 7,800 ਖੁਰਾਕਾਂ ਹਸਪਤਾਲਾਂ ਦੇ ਸਾਰੇ ਕਰਮਚਾਰੀਆਂ ਲਈ ਕਾਫ਼ੀ ਨਹੀਂ ਹੋਣਗੀਆਂ ਕਿਉਂਕਿ ਇਕੱਲੇ ਕਮਿਊਨਿਟੀ ਮੈਡੀਕਲ ਸੈਂਟਰਾਂ ਦੇ ਹਸਪਤਾਲਾਂ ਵਿਚ ਹੀ ਲੱਗਭਗ 8,900 ਲੋਕ ਕੰਮ ਕਰਦੇ ਹਨ। ਇਸਦੇ ਨਾਲ ਹੀ ਸੇਂਟ ਐਗਨੇਸ ਮੈਡੀਕਲ ਸੈਂਟਰ ਵਿਚ ਵੀ ਤਕਰੀਬਨ 2,900 ਕਰਮਚਾਰੀ ਅਤੇ ਲਗਭਗ 800 ਦੇ ਕਰੀਬ ਮੈਡੀਕਲ ਕਾਮੇ ਹਨ। ਇਸ ਵੇਲੇ ਕਾਉਂਟੀ ਦੇ ਸੇਂਟ ਐਗਨੇਸ ਹਸਪਤਾਲ ਵਿਚਲੇ ਸਿਹਤ ਕਾਮੇ ਜੋ ਕਿ ਸ਼ੱਕੀ ਜਾਂ ਪੁਸ਼ਟੀ ਕੀਤੇ ਹੋਏ ਕੋਰੋਨਾ ਦੇ ਮਰੀਜ਼ਾਂ ਨਾਲ ਕੰਮ ਕਰ ਰਹੇ ਹਨ, ਉਹ ਟੀਕਾਕਰਣ ਲਈ ਪਹਿਲ ਵਿਚ ਹਨ। ਸੈਂਟ ਐਗਨੇਸ ਹਸਪਤਾਲ ਦੇ ਲਗਭਗ 145 ਸਟਾਫ ਮੈਂਬਰ ਸ਼ੁੱਕਰਵਾਰ ਨੂੰ ਕੁਆਰੰਟੀਨ ਕੀਤੇ ਗਏ ਹਨ ਕਿਉਂਕਿ ਉਨ੍ਹਾਂ ਵਿਚੋਂ ਲੱਗਭਗ 90 ਫੀਸਦੀ ਕਾਮਿਆਂ ਨੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤੇ ਹਨ।