ਫਰਿਜ਼ਨੋ ਨੇੜੇ ਇੱਕ ਘਰ “ਚ ਲੱਗੀ ਅੱਗ ਨਾਲ ਝੁਲਸੀ ਔਰਤ

433
Share

ਫਰਿਜ਼ਨੋ (ਕੈਲੀਫੋਰਨੀਆਂ), 31 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)-  ਫਰਿਜ਼ਨੋ ਕਾਉਂਟੀ ਦੇ ਨੇੜਲੇ ਖੇਤਰ ਵਿੱਚ ਮੰਗਲਵਾਰ ਰਾਤ ਨੂੰ ਅੱਗ ਦੀਆਂ ਲਪਟਾਂ ਨੇ ਇੱਕ ਘਰ ਨੂੰ ਜਲ੍ਹਾ ਕੇ ਤਬਾਹ ਕਰਨ ਦੇ ਨਾਲ ਪਰਿਵਾਰਕ ਮੈਂਬਰਾਂ ਨੂੰ ਵੀ ਜਖਮੀ ਕਰ ਦਿੱਤਾ ਹੈ।ਇਸ ਅੱਗ ਦੀ ਘਟਨਾ ਵਿੱਚ ਇੱਕ ਮਹਿਲਾ ਕਾਫੀ ਹੱਦ ਤੱਕ ਝੁਲਸ ਗਈ ਹੈ ਅਤੇ ਘਰ ਦੇ ਸੜ ਜਾਣ ਕਾਰਨ ਪੰਜ ਬੱਚਿਆਂ ਵਾਲਾ ਇਹ ਪਰਿਵਾਰ ਬੇਘਰ ਹੋ ਗਿਆ ਹੈ।ਮੰਗਲਵਾਰ ਰਾਤ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਕਲੋਵਿਸ ਫਾਇਰ, ਫਰਿਜ਼ਨੋ ਫਾਇਰ ਅਤੇ ਫਰਿਜ਼ਨੋ ਕਾਉਂਟੀ ਫਾਇਰ ਵਿਭਾਗਾਂ ਦੀਆਂ ਯੂਨਿਟਾਂ ਨੇ ਸ਼ੀਲਡਜ਼ ਐਵੀਨਿਊ ਨੇੜੇ ਨੌਰਥ ਲੋਕੇਨ ਐਵੀਨਿਊ ਦੇ 3000 ਵੇਂ ਬਲਾਕ ਵਿੱਚ ਸਥਿਤ ਇਸ ਘਰ ਨੂੰ ਲੱਗੀ ਅੱਗ ਬੁਝਾਉਣ ਦੀ ਕਾਰਵਾਈ ਕਰਦਿਆਂ ਪੀੜਤ ਮਹਿਲਾ ਨੂੰ ਸਥਾਨਕ ਹਸਪਤਾਲ ਲਿਜਾਉਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਵੀ ਦਿੱਤੀ।ਫਰਿਜ਼ਨੋ ਫਾਇਰ ਵਿਭਾਗ ਦੇ ਚੀਫ ਰਿਆਨ ਮਾਈਕਲਜ਼ ਦੇ ਅਨੁਸਾਰ, ਘਰ ਦੇ ਸਾਰੇ ਬੈੱਡਰੂਮ ਅਤੇ ਹੋਰ ਕਮਰੇ ਤਬਾਹ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਘਰ ਛੱਡਣ ਲਈ ਮਜਬੂਰ ਹੋਏ ਹਨ ।ਇਸ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜਦਕਿ ਮਾਈਕਲਜ਼ ਅਨੁਸਾਰ ਅੱਗ ਘਰ ਦੇ ਅੰਦਰ ਵਾਟਰ ਹੀਟਰ ਨੇੜੇ ਲੱਗੀ ਸੀ।ਇਸ ਹਾਦਸੇ ਨਾਲ ਪ੍ਰਭਾਵਿਤ  ਪਰਿਵਾਰ ਦੀ ਕੁੱਝ ਸਮੇਂ ਲਈ ਕਿਸੇ ਹੋਰ ਸਥਾਨ ਤੇ ਰਹਿਣ ਦੀ ਉਮੀਦ ਹੈ।

Share