ਫਰਿਜ਼ਨੋ ਦੇ ਇੱਕ ਗੈਸ ਸਟੇਸ਼ਨ ਵਿਚ ਗੋਲੀਆਂ ਚਲਾ ਕੇ ਲੁੱਟ

502
Share

ਫਰਿਜ਼ਨੋ, 28 ਦਸੰਬਰ (ਪੰਜਾਬ ਮੇਲ)- ਕੈਲੇਫ਼ੋਰਨੀਆ ਦੇ ਇਲਾਕੇ ਫਰਿਜ਼ਨੋ ਦੇ ਇੱਕ ਗੈਸ ਸਟੇਸ਼ਨ ਵਿਚ ਗੋਲੀਆਂ ਚਲਾ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿਤਾ ਗਿਆ ਹੈ। ਇਸ ਵਾਰਦਾਤ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਧਿਕਾਰੀਆਂ ਅਨੁਸਾਰ ਇਹ  ਲੁੱਟਮਾਰ 19 ਦਸੰਬਰ ਨੂੰ ਤੜਕੇ 5:30 ਵਜੇ ਦੇ ਕਰੀਬ ਬੈਲਮੋਂਟ ਐਵ ‘ਤੇ ਸ਼ੈਵਰਨ ਗੈਸ ਸਟੇਸ਼ਨ ਵਿਚ ਵਾਪਰੀ ਸੀ। ਇਸ ਘਟਨਾ ਦੀ ਕੈਮਰਾ ਵੀਡੀਓ ਵਿੱਚ ਇੱਕ ਆਦਮੀ ਸਟੇਸ਼ਨ ਦੇ ਸਟੋਰ ਵਿੱਚ ਘੁੰਮਦਾ ਹੋਇਆ ਦਿਖਾਈ ਦਿੰਦਾ ਹੈ ਜਿਸਦੇ ਸੱਜੇ ਹੱਥ ਵਿੱਚ ਇੱਕ ਬੰਦੂਕ ਫੜੀ ਹੋਈ ਹੈ।

   ਮੁਲਜ਼ਮ ਕਾਉਂਟਰ ਕੋਲ ਜਾ ਕੇ ਬੰਦੂਕ ਤਾਣਦੇ ਹੋਏ ਅਤੇ ਹੋਰ ਗਾਹਕਾਂ ਨੂੰ ਡਰਾਉਂਦੇ ਹੋਏ ਕਲਰਕ ਤੋਂ ਪੈਸੇ ਦੀ ਮੰਗ ਕਰਦਾ ਹੈ। ਇਸੇ ਦੌਰਾਨ ਹਮਲਾਵਰ ਕਾਉਂਟਰ ਦੇ ਇੱਕ ਪ੍ਰੋਟੈਕਟਿਵ ਸਕ੍ਰੀਨ ਵਿੱਚ ਦੀ ਕਲਰਕ ਵੱਲ ਦੋ ਗੋਲੀਆਂ ਚਲਾਉਦਾ ਹੈ ਅਤੇ ਕਾਉਂਟਰ ਤੋਂ ਪੈਸਾ ਇਕੱਠਾ ਕਰਕੇ ਚਲਾ ਜਾਂਦਾ ਹੈ। ਪੁਲਿਸ ਨੇ ਮੁਸ਼ਤੈਦ ਹੁੰਦੇ ਹੋਏ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿਤੀ ਹੈ ਅਤੇ ਕੈਮਰੇ ਦੀ ਫੁਟੇਜ ਦੇ ਸਹਾਰੇ ਉਸ ਦੀ ਪਛਾਣ ਕਰਨ ਦੀ ਕੋਸਿ਼ਸ਼ ਵੀ ਕੀਤੀ ਜਾ ਰਹੀ ਹੈ।


Share