ਫਰਿਜ਼ਨੋ ਕਾਉਂਟੀ ਟ੍ਰੈਫਿਕ ਸਟਾਪ ‘ਤੇ ਅਧਿਕਾਰੀਆਂ ਨੇ ਬਰਾਮਦ ਕੀਤੀ 1 ਮਿਲੀਅਨ ਡਾਲਰ ਤੋਂ ਵੱਧ ਰਾਸ਼ੀ

426
Share

ਫਰਿਜ਼ਨੋ (ਕੈਲੀਫੋਰਨੀਆਂ), 18 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/(ਪੰਜਾਬ ਮੇਲ)- ਫਰਿਜ਼ਨੋ ਵਿੱਚ ਹਾਈਵੇ ਅਧਿਕਾਰੀਆਂ ਨੇ ਸ਼ੁਰੂ ਕੀਤੇ ਚੈਕਿੰਗ ਅਭਿਆਨ ਵਿੱਚ ਲੱਖਾਂ ਡਾਲਰ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਅਭਿਆਨ ਦੇ ਤਾਜ਼ਾ ਮਾਮਲੇ ਵਿੱਚ ਕੈਲੀਫੋਰਨੀਆਂ ਦੇ ਹਾਈਵੇ ਪੈਟਰੋਲ ਦੇ ਅਨੁਸਾਰ ਪਿਛਲੇ ਹਫਤੇ ਫਰਿਜ਼ਨੋ ਕਾਉਂਟੀ ਦੇ ਇੱਕ ਟ੍ਰੈਫਿਕ ਸਟਾਪ ਤੇ ਚੈਕਿੰਗ ਕਾਰਵਾਈ ਦੌਰਾਨ ਇੱਕ ਮਿਲੀਅਨ ਡਾਲਰ ਤੋਂ ਵੱਧ ਦੀ ਨਕਦੀ ਬਰਾਮਦ ਹੋਈ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਅਫਸਰ ਐਰਿਕ ਜੁਨੀਗਾ ਦੇ ਅਨੁਸਾਰ, ਸ਼ੁੱਕਰਵਾਰ 11 ਦਸੰਬਰ ਨੂੰ ਸਵੇਰੇ ਲਗਭਗ 5: 28 ਵਜੇ,ਕੈਲੀਫੋਰਨੀਆਂ ਹਾਈਵੇ ਅਧਿਕਾਰੀਆਂ ਨੇ ਇੱਕ ਤੇਜ਼ ਰਫਤਾਰ ਚਿੱਟੀ ਫੋਰਡ ਵੈਨ ਨੂੰ ਉੱਤਰ-ਪੱਛਮੀ ਇੰਟਰਸਟੇਟ 5 ਅਤੇ ਸ਼ੀਲਡਜ਼ ਐਵੀਨਿਊ ਦੇ ਨੇੜ ਰੋਕਿਆ ਗਿਆ ਅਤੇ ਅਧਿਕਾਰੀ ਦੁਆਰਾ ਡਰਾਈਵਰ ਨਾਲ ਹੋਈ ਗੱਲਬਾਤ ਦੌਰਾਨ ਸ਼ੱਕ ਹੋਣ ਤੇ ਖੋਜੀ ਕੁੱਤੇ ਕੇ -9 ਬੈਨੀ ਨੂੰ ਵਾਹਨ ਦੀ ਜਾਂਚ ਲਈ ਵਰਤਿਆ ਗਿਆ ਅਤੇ ਬਾਅਦ ਵਿਚ ਅਧਿਕਾਰੀਆਂ ਨੂੰ ਵੈਨ ਦੀ ਤਲਾਸ਼ੀ ਦੌਰਾਨ ਦੋ ਸੂਟਕੇਸਾਂ ਦੇ ਨਾਲ ਇੱਕ ਕਾਲਾ ਬਰੀਫਕੇਸ ਮਿਲਿਆ। ਇਹ ਸਾਰੇ ਸੂਟਕੇਸ ਸੰਯੁਕਤ ਰਾਜ ਦੀ ਕਰੰਸੀ ਨਾਲ ਭਰੇ ਹੋਏ ਸਨ ਅਤੇ
ਸੀ ਐਚ ਪੀ ਅਧਿਕਾਰੀਆਂ ਦੇ ਅਨੁਸਾਰ, ਇਸ ਕਾਰਵਾਈ ਦੌਰਾਨ ਲੱਗਭਗ 1,017,750 ਡਾਲਰ ਜ਼ਬਤ ਕੀਤੇ ਗਏ ਹਨ।ਅਧਿਕਾਰੀਆਂ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਇਹ ਪੈਸਾ ਨਸ਼ਿਆਂ ਦੀ ਵਿਕਰੀ ਤੋਂ ਇਕੱਠਾ ਕੀਤਾ ਗਿਆ ਸੀ। ਪੁਲਿਸ ਅਧਿਕਾਰੀ ਜੁਨੀਗਾ ਅਨੁਸਾਰ ਵੈਨ ਡਰਾਈਵਰ  ਦੀ ਪਛਾਣ ਮੋਰੇਨੋ ਵੈਲੀ ਦੇ ਜਾਰਡਨ ਐਲਗਜ਼ੈਡਰ ਉਰਾਈਬ (29) ਵਜੋਂ ਕੀਤੀ ਗਈ ਹੈ, ਨੇ ਪੈਸੇ ਦੀ ਮਲਕੀਅਤ ਤੋਂ ਇਨਕਾਰ ਕੀਤਾ ਹੈ। ਇਸ ਡਰਾਈਵਰ ਨੂੰ ਗ੍ਰਿਫਤਾਰ ਤਾਂ ਕੀਤਾ ਗਿਆ ਸੀ ਪਰ ਕੋਵਿਡ -19 ਦੇ ਦਿਸ਼ਾ ਨਿਰਦੇਸ਼ਾਂ ਕਾਰਨ ਦਰਜ ਨਹੀਂ ਕੀਤਾ ਗਿਆ ।

Share